ਗੁਰਦਾਸਪੁਰ, 10 ਅਪ੍ਰੈਲ (ਅਸ਼ੋਕ ਸ਼ਰਮਾ)-ਭਾਰਤ ਵਿਚ ਪਹਿਲੇ ਫ਼ੇਜ਼ ਦੀ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ ਸਬੰਧੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ 52 ਦੇ ਕਰੀਬ ਫ਼ੀਲਡ ਟਰੇਨਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਪੰਚਾਇਤ ਭਵਨ ਗੁਰਦਾਸਪੁਰ ਵਿਚ ਸਮਾਪਤ ਹੋ ਗਈ | ਫ਼ੀਲਡ ਟਰੇਨਰ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ 13 ਦੇ ਕਰੀਬ ਚਾਰਜ ਅਫ਼ਸਰ ਸੈਂਸਜ ਅਧੀਨ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਟਰੇਨਿੰਗ ਦੇਣਗੇ | ਓਪ-ਅਰਥ ਤੇ ਅੰਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਸੈਂਸਜ ਅਫ਼ਸਰ ਗੁਰਦਾਸਪੁਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਤਿੰਨ ਰੋਜ਼ਾ ਟਰੇਨਿੰਗ ਸੈਸ਼ਨ ਵਿਚ ਟਰੇਨਿੰਗ ਲੈਣ ਵਾਲੇ ਫ਼ੀਲਡ ਟਰੇਨਰਾਂ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ-ਕਮ-ਪਿ੍ੰਸੀਪਲ ਸੈਂਸਜ ਅਫ਼ਸਰ ਗੁਰਦਾਸਪੁਰ ਅਦਿੱਤਿਆ ਉੱਪਲ ਵਲੋਂ ਫ਼ੀਲਡ ਟਰੇਨਰਾਂ ਨੂੰ ਵਧੀਆ ਢੰਗ ਨਾਲ ਅੱਗੇ ਟਰੇਨਿੰਗ ਦੇਣ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਦੀ ਸੈਂਸਜ ਨੂੰ ਪਹਿਲ ਦੇ ਆਧਾਰ 'ਤੇ ਨੇਪਰੇ ਚਾੜ੍ਹਨ ਲਈ ਪ੍ਰੇਰਿਤ ਕੀਤਾ ਗਿਆ | ਫ਼ੀਲਡ ਟਰੇਨਰਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਚ 30 ਅਪ੍ਰੈਲ ਤੋਂ ਲੈ ਕੇ 14 ਮਈ ਤੱਕ ਸੈਂਸਜ ਲਈ ਸਵੈ-ਗਣਨਾ ਵੱਧ ਤੋਂ ਵੱਧ ਕਰਨ ਲਈ ਆਮ ਲੋਕਾਂ ਨੂੰ ਪੇ੍ਰਰਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਜ਼ਿਕਰਯੋਗ ਹੈ ਪੰਜਾਬ ਵਿਚ ਪਹਿਲੇ ਫ਼ੇਜ਼ ਦੀ ਜਨਗਣਨਾ ਮਕਾਨ ਸੂਚੀ ਕਰਨ ਤੇ ਮਕਾਨਾਂ ਦੀ ਗਣਨਾ 15 ਮਈ ਤੋਂ ਲੈ ਕੇ 13 ਜੂਨ 2026 ਤੱਕ ਹੋਵੇਗੀ ਤੇ ਸਵੈ ਗਣਨਾ ਲਈ ਸਵੈ-ਗਣਨਾ ਪੋਰਟਲ 13 ਅਪ੍ਰੈਲ ਤੋਂ ਖੋਲਿ੍ਹਆ ਜਾ ਰਿਹਾ ਹੈ | ਟਰੇਨਿੰਗ ਵਿਚ ਵਿਸ਼ੇਸ਼ ਰੂਪ ਵਿਚ ਓਪ-ਅਰਥ ਤੇ ਅੰਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਸੈਂਸਜ ਅਫ਼ਸਰ ਗੁਰਦਾਸਪੁਰ ਰਾਜੇਸ਼ ਸ਼ਰਮਾ ਵਲੋਂ ਸਾਰੇ ਮਾਸਟਰ ਟਰੇਨਰਾਂ ਅਤੇ ਫ਼ੀਲਡ ਟਰੇਨਰਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਨੂੰ ਆਪਣੀ ਰਾਸ਼ਟਰੀ ਮਹੱਤਵ ਦੀ ਡਿਊਟੀ ਨੂੰ ਬਾਖ਼ੂਬੀ ਨਿਭਾਉਣ ਲਈ ਪ੍ਰੇਰਿਤ ਕੀਤਾ | ਸਹਾਇਕ ਡਾਇਰੈਕਟਰ ਸੈਂਸਜ ਚੰਡੀਗੜ੍ਹ ਤੋਂ ਮੈਡਮ ਸੁਪ੍ਰੀਆ ਤੇ ਅੰਕੁਸ਼ ਸ਼ਰਮਾ ਸੈਂਸਜ ਅਫ਼ਸਰ ਹਾਜ਼ਰ ਰਹੇ | ਜ਼ਿਲ੍ਹਾ ਗੁਰਦਾਸਪੁਰ ਦੇ ਸੈਂਸਜ ਮਾਸਟਰ ਟਰੇਨਰ ਲੈਕਚਰਾਰ ਗੁਰਮੀਤ ਸਿੰਘ ਭੋਮਾ (ਸਟੇਟ ਐਵਾਰਡੀ) ਤੇ ਮਾਸਟਰ ਟਰੇਨਰ ਲੈਕਚਰਾਰ ਸੰਜੀਵ ਕੁਮਾਰ ਵਲੋਂ ਆਪਣੀ ਸੈਂਸਜ ਟਰੇਨਿੰਗ ਡਿਊਟੀ ਨੂੰ ਬਾਖ਼ੂਬੀ ਨਿਭਾਇਆ ਗਿਆ |