06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 16-04-2026
ਗੁਰਦਾਸਪੁਰ, 15 ਅਪ੍ਰੈਲ (ਚੱਕਰਾਜਾ)- ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਨਾਲ ਕਣਕ ਤੇ ਹੋਰ ਫਸਲਾਂ ਦੇ ਹੋਏ ਭਾਰੀ ਨੁਕਸਾਨ ਤੋਂ ਬਾਅਦ ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ | ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਵਲੋਂ ਰੇਲ ਰੋਕੋ ਪ੍ਰੋਗਰਾਮ ਨੂੰ ਸਾਂਝੇ ਤੌਰ 'ਤੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਇਸ ਫੈਸਲੇ ਦੀ ਹਮਾਇਤ ਕੀਤੀ ਹੈ | ਜਥੇਬੰਦੀਆਂ ਵਲੋਂ ਮੰਗ ਕੀਤੀ ਕਿ ਜੇਕਰ ਕਣਕ ਦੇ ਖ਼ਰੀਦ ਨਿਯਮਾਂ ਵਿਚ ਢਿੱਲ ਦੇ ਕੇ ਕਣਕ ਦੀ ਖ਼ਰੀਦ ਸ਼ੁਰੂ ਨਾ ਕੀਤੀ ਤਾਂ 17 ਅਪ੍ਰੈਲ ਨੂੰ 12 ਵਜੇ ਤੋਂ 3 ਵਜੇ ਤੱਕ ਸਾਰੇ ਪੰਜਾਬ ਵਿਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ | ਇਸ ਰੇਲ ਜਾਮ ਵਿਚ ਕਿਸਾਨ ਮਜ਼ਦੂਰ ਮੋਰਚਾ ਨਾਲ ਸਬੰਧਿਤ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (ਸੁਖਵਿੰਦਰ ਸਿੰਘ ਸਭਰਾ), ਬੀ.ਕੇ.ਯੂ. ਏਕਤਾ ਆਜ਼ਾਦ (ਜਸਵਿੰਦਰ ਸਿੰਘ ਲੌਂਗੋਵਾਲ), ਬੀ.ਕੇ.ਯੂ. ਕ੍ਰਾਂਤੀਕਾਰੀ (ਬਲਦੇਵ ਸਿੰਘ ਜ਼ੀਰਾ), ਬੀ.ਕੇ.ਯੂ. ਬਹਿਰਾਮਕੇ (ਬਲਵੰਤ ਸਿੰਘ ਬਹਿਰਾਮਕੇ), ਬੀ.ਕੇ.ਯੂ. ਦੋਆਬਾ (ਮਨਜੀਤ ਸਿੰਘ ਰਾਏ), ਕਿਸਾਨ ਮਜ਼ਦੂਰ ਹਿਤਕਾਰੀ ਸਭਾ (ਓਾਕਾਰ ਸਿੰਘ ਭੰਗਾਲਾ), ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਦਿਲਬਾਗ ਸਿੰਘ ਗਿੱਲ), ਬੀ.ਕੇ.ਯੂ. ਭਟੇੜੀ (ਜੰਗ ਸਿੰਘ ਭਟੇੜੀ), ਕਿਸਾਨ ਮਜ਼ਦੂਰ ਮੋਰਚਾ ਪੰਜਾਬ (ਮਲਕੀਤ ਸਿੰਘ ਗ਼ੁਲਾਮੀ ਵਾਲਾ) ਤੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਜਥੇਬੰਦੀਆਂ ਵਿਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਸਿੰਘ ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਡਾ: ਦਰਸ਼ਨ ਪਾਲ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਹਰਭਜਨ ਸਿੰਘ ਬੁੱਟਰ), ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ (ਬੂਟਾ ਸਿੰਘ ਸ਼ਾਦੀਪੁਰ), ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸੁਖਦੇਵ ਸਿੰਘ ਅਰਾਈਆਂਵਾਲਾ) ਤੇ ਕੌਮੀ ਕਿਸਾਨ ਯੂਨੀਅਨ (ਬਿੰਦਰ ਸਿੰਘ ਗੋਲੇਵਾਲਾ) ਸ਼ਾਮਿਲ ਹਨ | ਆਉਣ ਵਾਲੇ ਦਿਨਾਂ ਵਿਚ ਹੋਰ ਜਥੇਬੰਦੀਆਂ ਵੀ ਇਸ ਸੱਦੇ ਦੀ ਹਮਾਇਤ ਵਿਚ ਨਿੱਤਰ ਸਕਦੀਆਂ ਹਨ | ਕਿਸਾਨ ਆਗੂਆਂ ਨੇ ਸਖਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਪਈ, ਉਸ ਲਈ ਵੀ ਸਰਕਾਰਾਂ ਵਲੋਂ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ ਹੈ ਤੇ ਹੁਣ ਫਿਰ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਪੰਜਾਬ ਵਿਚ ਕਣਕ ਦੀ ਗੁਣਵੱਤਾ 'ਤੇ ਅਸਰ ਪਿਆ ਹੈ ਪਰ ਨਾ ਤਾਂ ਕੇਂਦਰ ਤੇ ਨਾ ਪੰਜਾਬ ਸਰਕਾਰ ਇਸ ਵਾਸਤੇ ਗੰਭੀਰ ਹਨ ਅਤੇ ਮੰਡੀਆਂ ਵਿਚ ਕਿਸਾਨਾਂ ਦੀ ਕਣਕ ਰੁਲ ਰਹੀ ਹੈ | ਕਿਸਾਨਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਕਣਕ ਦੇੇ ਰੇਟ 'ਤੇ ਕੱਟ ਲਾਇਆ ਜਾ ਰਿਹਾ ਹੈ | ਜਥੇਬੰਦੀਆਂ ਨੇ ਕਿਹਾ ਕਿ ਜੇਕਰ ਕਣਕ ਦੇ ਖ਼ਰੀਦ ਨਿਯਮਾਂ ਵਿਚ ਢਿੱਲ ਦੇ ਕੇ ਖ਼ਰੀਦ ਤੁਰੰਤ ਸ਼ੁਰੂ ਨਾ ਕੀਤੀ ਤਾਂ ਇਸ ਰੇਲ ਜਾਮ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਤੇ ਕਿਸਾਨਾਂ ਲਈ ਲੋੜੀਂਦੀਆਂ ਸਹੂਲਤਾਂ ਜਿਵੇਂ ਪਖ਼ਾਲੇ ਤੇ ਛਾਂ ਵਗ਼ੈਰਾ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ | ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਸਾਥ ਦੇਣ | ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਲੋਕਾਂ ਦਾ ਸਬਰ ਨਾ ਪਰਖਣ ਤੇ ਨਿਯਮਾਂ ਵਿਚ ਢਿੱਲ ਦੇ ਕੇ ਕਣਕ ਦੀ ਖ਼ਰੀਦ ਪੂਰੇ ਰੇਟ 'ਤੇ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਾਰਕ ਬਚਾਓ ਕਮੇਟੀ ਵਲੋਂ ਕੱਲ੍ਹ ਕੀਤੇ ਜਾ ਰਹੇ ਰੋਸ ਮਾਰਚ ਲਈ ਜਥੇਬੰਦੀਆਂ ਵਲੋਂ ਹਮਾਇਤ ਅਗਲੀ ਖ਼ਬਰ ਮਾਤਾ ਮਨਜੀਤ ਕੌਰ ਬਾਜਵਾ ਦੇ ਦਿਹਾਂਤ 'ਤੇ ਸਾਬਕਾ ਸਰਪੰਚ ਬੰਟੀ ਦਲੇਲਪੁਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ
Ad Position 24