ਗੁਰਦਾਸਪੁਰ, 16 ਅਪ੍ਰੈਲ (ਗੁਰਪ੍ਰਤਾਪ ਸਿੰਘ)- ਅੱਜ ਬਿਜਲੀ ਵਿਭਾਗ ਵਲੋਂ ਸ਼ਹਿਰ ਦੀ ਬੀਜਾਂ ਵਾਲੀ ਮਾਰਕੀਟ ਤੋਂ ਲੈ ਕੇ ਪਰਸ਼ੂਰਾਮ ਚੌਕ ਤੋਂ ਅੱਗੇ ਤੱਕ ਦੀਆਂ ਤਾਰਾਂ ਤੇ ਖੰਬਿਆਂ ਨੂੰ ਠੀਕ ਕਰਨ ਲਈ ਹਾਈਡਰੇ ਤੇ ਹੋਰ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਜਿਸ ਕਾਰਨ ਇਸ ਸੜਕ 'ਤੇ ਦੋ ਘੰਟੇ ਤੋਂ ਵੱਧ ਸਮੇਂ ਤੱਕ ਜਾਮ ਲੱਗਾ ਰਿਹਾ ਅਤੇ ਲੋਕ ਖੱਜਲ ਖ਼ੁਆਰ ਹੁੰਦੇ ਨੇ ਨਜ਼ਰ ਆਏ | ਲੋਕ ਬਿਜਲੀ ਵਿਭਾਗ ਦੀ ਇਸ ਕਾਰਵਾਈ ਨੂੰ ਇਹ ਕਹਿ ਕੇ ਕੋਸਦੇ ਹੋਏ ਨਜ਼ਰ ਆਏ ਕਿ ਜੇ ਉਨ੍ਹਾਂ ਵਲੋਂ ਸ਼ਹਿਰ ਦੀ ਮੁੱਖ ਸੜਕ 'ਤੇ ਕੋਈ ਕੰਮ ਕਰਨਾ ਸੀ ਤਾਂ ਉਨ੍ਹਾਂ ਨੂੰ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਲੋਕਾਂ ਨੂੰ ਆਉਣ ਵਾਲੀ ਟ੍ਰੈਫਿਕ ਸਮੱਸਿਆ ਦਾ ਪਹਿਲਾਂ ਹੱਲ ਕਰਨਾ ਚਾਹੀਦਾ ਸੀ | ਇਸ ਟਰੈਫ਼ਿਕ ਵਿਚ ਸਕੂਲਾਂ ਤੋਂ ਆਪਣੇ ਮਾਪਿਆਂ ਨਾਲ ਵਾਪਸ ਆ ਰਹੇ ਛੋਟੇ-ਛੋਟੇ ਬੱਚੇ, ਕੰਮਾਂ ਲਈ ਜਾਂਦੇ ਹੋਏ ਲੋਕ ਤੇ ਬਜ਼ੁਰਗ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ | ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਟਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਮੌਕੇ 'ਤੇ ਟਰੈਫ਼ਿਕ ਪੁਲਿਸ ਜਾਂ ਪੁਲਿਸ ਦਾ ਕੋਈ ਵੀ ਕਰਮਚਾਰੀ ਦਿਖਾਈ ਨਹੀਂ ਦਿੱਤਾ | ਇਸ ਸਬੰਧੀ ਜਦੋਂ ਟਰੈਫ਼ਿਕ ਇੰਚਾਰਜ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਟਾਲਾ ਵਿਖੇ ਰਾਜਪਾਲ ਤੇ ਮੁੱਖ ਮੰਤਰੀ ਦੇ ਦੌਰੇ ਕਾਰਨ ਟਰੈਫ਼ਿਕ ਪੁਲਿਸ ਦੇ ਸਾਰੇ ਕਰਮਚਾਰੀ ਉੱਥੇ ਤਾਇਨਾਤ ਕੀਤੇ ਗਏ ਹਨ | ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਜੇ ਬਿਜਲੀ ਵਿਭਾਗ ਵਲੋਂ ਮੁੱਖ ਸੜਕ 'ਤੇ ਕੀਤੇ ਜਾਣ ਵਾਲੇ ਇਸ ਕੰਮ ਸਬੰਧੀ ਟਰੈਫ਼ਿਕ ਪੁਲਿਸ ਨਾਲ ਗੱਲਬਾਤ ਕਰਕੇ ਇਸ ਕੰਮ ਦਾ ਸਮਾਂ ਇਕ ਦਿਨ ਲਈ ਅੱਗੇ ਪਿੱਛੇ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਲੋਕਾਂ ਨੂੰ ਦੋ ਘੰਟੇ ਤੋਂ ਵੱਧ ਹੋਈ ਇਸ ਖੱਜਲ ਖ਼ੁਆਰੀ ਤੋਂ ਬਚਾਇਆ ਜਾ ਸਕਦਾ ਸੀ |