ਗੁਰਦਾਸਪੁਰ, 16 ਅਪ੍ਰੈਲ (ਅਸ਼ੋਕ ਸ਼ਰਮਾ)- ਦਿਹਾਤੀ ਖੇਤਰ ਅੰਦਰ ਪਿਛਲੇ ਦੋ ਮਹੀਨੇ ਤੋਂ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣ ਨਾਲ ਜਨਤਾ ਦੇ ਕਾਰੋਬਾਰ ਠੱਪ ਹੋ ਗਏ ਹਨ ਜਿਸ ਨਾਲ ਲੋਕ ਆਰਥਿਕ ਸੰਕਟ ਨਾਲ ਜੂਝ ਰਹੇ ਹਨ | ਇਸ ਸਬੰਧੀ ਸੀਨੀਅਰ ਅਕਾਲੀ ਆਗੂ ਨਵਜੋਤ ਸਿੰਘ ਉਰਫ਼ ਸੋਨੰੂ ਹਲਕਾ ਦੀਨਾਨਗਰ ਆਈ.ਟੀ. ਵਿੰਗ ਦੇ ਪ੍ਰਧਾਨ ਅਤੇ ਯੂਥ ਆਗੂ ਸਰਕਲ ਪੁਰਾਣਾ ਸ਼ਾਲਾ ਹਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਸਵੇਰੇ ਹੀ ਬਿਜਲੀ ਬੰਦ ਹੋ ਜਾਂਦੀ ਹੈ ਅਤੇ ਇਲਾਕੇ ਅੰਦਰ ਛੋਟੇ, ਵੱਡੇ ਉਦਯੋਗ ਬੰਦ ਹੋਣ ਕਿਨਾਰੇ ਹਨ ਜਿਸ ਕਰਕੇ ਲੇਬਰ ਦਾ ਖਰਚਾ ਵੀ ਨਹੀਂ ਨਿਕਲ ਰਿਹਾ | ਉਨ੍ਹਾਂ ਕਿਹਾ ਕਿ ਬਿਜਲੀ ਅਧਿਕਾਰੀ ਇਹ ਬਹਾਨਾ ਲਗਾ ਕੇ ਟਾਲ ਦਿੰਦੇ ਹਨ ਕਿ ਬਿਜਲੀ ਤਾਰਾਂ ਬਦਲ ਕੇ ਨਵੀਆਂ ਪਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਠੀਕ ਨਾ ਹੋਈ ਤਾਂ ਲੋਕ ਸੜਕਾਂ 'ਤੇ ਉਤਰ ਕੇ ਬਿਜਲੀ ਬੋਰਡ ਖ਼ਿਲਾਫ਼ ਧਰਨਾ ਦੇਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਐਸ.ਈ. ਪਾਵਰਕਾਮ ਗੁਰਦਾਸਪੁਰ ਦੀ ਹੋਵੇਗੀ | ਦੂਜੇ ਪਾਸੇ ਜਦੋਂ ਬਿਜਲੀ ਬੰਦ ਰਹਿਣ ਬਾਰੇ ਅੰਮਿ੍ਤਸਰ ਤੋਂ ਆਈ ਟੀਮ ਦੇ ਮੁਲਾਜ਼ਮ ਸੁਬੇਗ ਸਿੰਘ ਤੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਰਣਜੀਤ ਬਾਗ਼ ਤੋਂ ਤਿੱਬੜ ਤੱਕ ਆਉਂਦੀਆਂ ਵੱਡੀਆਂ ਲਾਈਨਾਂ ਦੀ ਹਾਲਤ ਖਸਤਾ ਹੈ ਤੇ ਉਨ੍ਹਾਂ ਨੰੂ ਅਪਗਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਗਰਮੀਆਂ ਵਿਚ ਲੋਕਾਂ ਨੰੂ ਬਿਜਲੀ ਸਮੱਸਿਆ ਨਾ ਆਵੇ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਪ੍ਰੇਸ਼ਾਨੀ ਨੰੂ ਧਿਆਨ ਵਿਚ ਰੱਖ ਕੇ ਬਿਜਲੀ ਬੰਦ ਦਾ ਪਰਮਿਟ ਇਕ ਦਿਨ ਛੱਡ ਕੇ ਲਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਕਲ ਜਲੰਧਰ ਟਰਾਂਸਮਿਸ਼ਨ ਦੀਆਂ ਹਦਾਇਤਾਂ ਤਹਿਤ ਇਹ ਕੰਮ ਕੀਤਾ ਜਾ ਰਿਹਾ ਹੈ |