ਗੁਰਦਾਸਪੁਰ, 16 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਵਿਖੇ ਮੌਜੂਦਾ ਪੰਚਾਇਤ ਦੀ ਕਥਿਤ ਮਿਲੀਭੁਗਤ ਨਾਲ ਪਿੰਡ ਦੇ ਕੁਝ ਲੋਕ ਗੜਿਆਂ ਦੀ ਜ਼ਮੀਨ 'ਤੇ ਕਬਜ਼ੇ ਕਰਕੇ ਉਸਾਰੀਆਂ ਕਰ ਰਹੇ ਹਨ, ਇਸ ਨਾਲ ਪੰਚਾਇਤੀ ਜ਼ਮੀਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਇਸ ਮਾਮਲੇ ਸਬੰਧੀ ਸਾਬਕਾ ਸਰਪੰਚ ਜੋਗਿੰਦਰ ਕੌਰ ਤੇ ਕਾਂਗਰਸੀ ਆਗੂ ਅਜਮੇਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਬੀ.ਡੀ.ਪੀ.ਓ ਗੁਰਦਾਸਪੁਰ ਨੰੂ ਲਿਖਤੀ ਸ਼ਿਕਾਇਤ ਕਰਕੇ ਨਜਾਇਜ਼ ਕਬਜ਼ੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਨਾਲ ਨਾਲ ਨਜਾਇਜ਼ ਉਸਾਰੀਆਂ ਦਾ ਕੰਮ ਬੰਦ ਕਰਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਗੜਿਆਂ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਨੀਂਹਾਂ ਭਰ ਲਈਆਂ ਹਨ ਤੇ ਸਰਪੰਚ ਵਲੋਂ ਆਪਣੇ ਚਹੇਤਿਆਂ ਨੰੂ ਸਰਕਾਰੀ ਜ਼ਮੀਨ 'ਤੇ ਬਿਨਾਂ ਮਨਜ਼ੂਰੀ ਤੋਂ ਗੈਰ ਕਾਨੰੂਨੀ ਤੌਰ 'ਤੇ ਕਬਜ਼ੇ ਕਰਵਾ ਕੇ ਸਰਕਾਰੀ ਸੰਪਤੀ ਨੰੂ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਜਦੋਂ ਕਿ ਪਿੰਡ ਦੀ ਫਿਰਨੀ ਦੇ ਆਲੇ ਦੁਆਲੇ ਵੀ ਲੋਕਾਂ ਤੋਂ ਕਬਜ਼ੇ ਕਰਵਾ ਦਿਤੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਦਾ ਮੁੱਖ ਅਧਿਕਾਰ ਸਰਕਾਰੀ ਜ਼ਮੀਨ ਨੰੂ ਬਚਾਉਣਾ ਹੈ ਪਰ ਸਰਪੰਚ ਵਲੋਂ ਲੋਕਾਂ ਕੋਲੋਂ ਕਬਜ਼ੇ ਕਰਵਾ ਕੇ ਪਿੰਡ ਅੰਦਰ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਬੀ.ਡੀ.ਪੀ.ਓ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪੁਰਾਣਾ ਸ਼ਾਲਾ ਵਿਖੇ ਸਿਆਸੀ ਸ਼ਹਿ 'ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਦੀ ਉੱਚ ਪੱਧਰੀ ਜਾਂਚ ਕਰਨ ਦੇ ਨਾਲ ਨਾਲ ਕੀਤੇ ਨਜਾਇਜ਼ ਕਬਜ਼ਿਆਂ 'ਤੇ ਫ਼ੌਰੀ ਰੋਕ ਲਗਾਈ ਜਾਵੇ, ਜਿਸ ਨਾਲ ਸਰਕਾਰੀ ਸੰਪਤੀ ਦਾ ਨੁਕਸਾਨ ਹੋਣ ਤੋਂ ਬਚ ਸਕੇ | ਇਸ ਸੰਬੰਧੀ ਪਿੰਡ ਦੇ ਸਰਪੰਚ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਾ ਹੋ ਸਕਿਆ |