ਗੁਰਦਾਸਪੁਰ, 16 ਅਪ੍ਰੈਲ (ਅਸ਼ੋਕ ਸ਼ਰਮਾ)- ਭਾਰਤ ਪਾਕਿ ਦੀ ਵੰਡ ਤੋਂ ਪਹਿਲਾਂ ਲੱਗਦਾ ਪੁਲ ਤਿੱਬੜੀ ਦਾ ਵਿਸਾਖੀ ਮੇਲਾ ਪਿਛਲੇ 10 ਸਾਲਾ ਤੋਂ ਪੂਰਨ ਤੌਰ 'ਤੇ ਹੋਂਦ ਗੁਆ ਬੈਠਾ ਹੈ, ਕਿਉਂਕਿ ਅੰਗਰੇਜ਼ਾਂ ਵੇਲੇ ਦੇ ਨਹਿਰ ਅਪਰਬਾਰੀ ਦੁਆਬ ਤੇ ਕਸੂਰ ਬਰਾਂਚ ਦੇ ਪੁਲ ਨਕਾਰਾ ਹੋਣ ਕਰਕੇ ਬੈਠ ਗਏ ਸਨ ਤੇ ਲੋਕ ਨਿਰਮਾਣ ਵਿਭਾਗ ਵਲੋਂ ਇਕ ਦਹਾਕਾ ਪਹਿਲਾਂ ਆਧੁਨਿਕ ਪੁਲ ਦੀ ਉਸਾਰੀ ਕਰਵਾਈ ਸੀ ਤੇ ਪੁਲ ਬਣ ਜਾਣ ਤੋਂ ਬਾਅਦ ਪਾਰਕ ਦੀ ਹੋਂਦ ਖਤਮ ਹੋ ਗਈ ਤੇ ਮੇਲਾ ਵੀ ਉੱਜੜਦਾ ਗਿਆ | ਇਸ ਸਬੰਧੀ ਬਾਬਾ ਬੂਟਾ ਸਿੰਘ ਅਤੇ ਡਾ: ਜੋਗਿੰਦਰ ਸਿੰਘ ਕੰਡਾ ਨੇ ਦੱਸਿਆ ਕਿ ਇਥੇ ਦੋਵਾਂ ਨਹਿਰਾਂ ਦਾ ਸੰਗਮ ਹੁੰਦਾ ਹੈ ਅਤੇ ਲੋਕ ਵਿਸਾਖੀ ਵਾਲੇ ਦਿਨ ਸਵੇਰੇ ਇਸ਼ਨਾਨ ਕਰਨ ਆਉਂਦੇ ਸਨ, ਇਸ ਵਾਰ ਨਹਿਰਾਂ ਵਿਚ ਪਾਣੀ ਨਾ ਹੋਣ ਕਾਰਨ ਲੋਕ ਤਿੱਬੜੀ ਕੈਂਟ ਪਹੁੰਚੇ ਹੀ ਨਹੀਂ ਸਨ, ਸਗੋਂ ਲੋਕ ਦਰਬਾਰ ਪੰਡੋਰੀ, ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਤੇ ਗੁਰਦੁਆਰਾ ਘੱਲੂਘਾਰਾ ਸਾਹਿਬ ਵੱਲ ਰੁੱਖ ਕਰ ਲਿਆ ਹੈ ਤੇ ਪੁਲ ਤਿੱਬੜੀ ਦਾ ਵਿਸਾਖੀ ਮੇਲਾ ਕੁਲ ਮਿਲਾ ਕੇ ਇਲਾਕੇ ਅੰਦਰੋਂ ਖਤਮ ਹੋ ਗਿਆ ਹੈ ਜਿਸ ਕਰਕੇ ਲੋਕਾਂ 'ਚ ਨਿਰਾਸ਼ਾ ਵੀ ਹੈ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਲ ਤਿੱਬੜੀ ਨੰੂ ਬਚਾਉਣ ਲਈ ਪੁਲ ਤਿੱਬੜੀ ਵਿਖੇ ਟੂਰਿਜ਼ਮ ਕੰਪਲੈਕਸ ਬਣਾਏ ਜਾਣ ਜਿਸ ਨਾਲ ਤਿੱਬੜੀ ਦੀ ਹੋਂਦ ਪਹਿਲਾਂ ਵਾਂਗ ਬਰਕਰਾਰ ਰਹਿ ਸਕੇ |