ਕਿਲ੍ਹਾ ਲਾਲ ਸਿੰਘ, 20 ਅਪ੍ਰੈਲ (ਬਲਬੀਰ ਸਿੰਘ)- ਬਟਾਲਾ-ਕਲਾਨੌਰ ਰੋਡ 'ਤੇ ਭਾਗੋਵਾਲ ਦੇ ਨਜ਼ਦੀਕ ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਾਣਾ ਗੁੱਜਰ (28) ਪੁੱਤਰ ਘਈਆ ਗੁੱਜਰ ਵਾਸੀ ਕੁੰਜਰ ਜੋ ਕਿ ਅੱਜ ਸੋਮਵਾਰ ਸ਼ਾਮ ਕਰੀਬ 4 ਵਜੇ ਆਪਣੇ ਕਿਸੇ ਨਿੱਜੀ ਕੰਮ ਲਈ ਪਿੰਡ ਕੁੰਜਰ ਤੋਂ ਮੰਮਣ ਵੱਲ ਜਾ ਰਿਹਾ ਸੀ | ਜਦ ਉਹ ਖਾਲਸਾ ਹਾਈ ਸਕੂਲ ਭਾਗੋਵਾਲ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਦੇ ਪਿੱਛੇ ਇਕ ਮਿੱਟੀ ਨਾਲ ਭਰੇ ਟਿੱਪਰ ਨੇ ਉਸ ਨੂੰ ਸਾਈਡ ਮਾਰ ਦਿੱਤੀ ਅਤੇ ਉਹ ਨੌਜਵਾਨ ਸੜਕ 'ਤੇ ਜਾ ਡਿੱਗਾ ਤੇ ਟਿੱਪਰ ਦੇ ਥੱਲੇ ਆਉਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ ਜਦਕਿ ਟਿੱਪਰ ਚਾਲਕ ਟਿੱਪਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਮੌਕੇ 'ਤੇ ਪਹੁੰਚੇ ਮਿ੍ਤਕ ਦੇ ਰਿਸ਼ਤੇਦਾਰਾਂ ਵਲੋਂ ਰੋਸ ਵਜੋਂ ਧਰਨਾ ਲਗਾ ਕੇ ਰੋਡ ਨੂੰ ਜਾਮ ਕਰ ਦਿੱਤਾ ਗਿਆ ਤੇ ਇਨਸਾਫ ਦੀ ਗੁਹਾਰ ਲਗਾਈ ਗਈ | ਮੌਕੇ 'ਤੇ ਪਹੁੰਚੇ ਥਾਣਾ ਕਿਲ੍ਹਾ ਲਾਲ ਸਿੰਘ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਧਰਨਾਕਾਰੀਆਂ ਨੂੰ ਯਕੀਨ ਦੁਆਇਆ ਕਿ ਟਿੱਪਰ ਚਾਲਕ ਨੂੰ ਜਲਦ ਹੀ ਗਿ੍ਫਤਾਰ ਕਰ ਲਿਆ ਜਾਵੇਗਾ | ਪੁਲਿਸ ਵਲੋਂ ਭਰੋਸਾ ਮਿਲਣ 'ਤੇ ਕਰੀਬ ਸਵਾ ਛੇ ਵਜੇ ਧਰਨਾ ਉਠਾ ਦਿੱਤਾ ਗਿਆ | ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੈਮਰਿਆਂ ਦੀ ਸਹਾਇਤਾ ਨਾਲ ਜਲਦੀ ਹੀ ਟਿੱਪਰ ਚਾਲਕ ਨੂੰ ਫੜ ਲਿਆ ਜਾਵੇਗਾ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |