ਦੀਨਾਨਗਰ, 20 ਅਪ੍ਰੈਲ (ਸ਼ਾਮ ਸਿੰਘ ਘੁੰਮਣ)- ਪੁਲਿਸ ਸਟੇਸ਼ਨ ਦੀਨਾਨਗਰ ਦੇ ਪਠਾਨਕੋਟ ਅਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਦੀ ਹੱਦ ਨਾਲ ਲੱਗਦੇ ਕਰੀਬ 20 ਪਿੰਡਾਂ ਦੀ ਰਾਖੀ ਲਈ ਬਣਾਈ ਗਈ ਬਿਆਨਪੁਰ ਪੁਲਿਸ ਚੌਕੀ ਨੂੰ ਪੁਲਿਸ ਵਲੋਂ ਅਚਾਨਕ ਬੰਦ ਕਰ ਦਿੱਤੇ ਜਾਣ ਕਾਰਨ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਇਕ ਵਾਰ ਮੁੜ ਰੱਬ ਆਸਰੇ ਹੋ ਗਈ ਹੈ | ਪੁਲਿਸ ਚੌਕੀ ਬੰਦ ਕਰ ਦਿੱਤੇ ਜਾਣ ਕਾਰਨ ਖੇਤਰ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ ਤੇ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਪੁਲਿਸ ਚੌਕੀ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ | ਦੱਸਣਯੋਗ ਹੈ ਕਿ ਕਰੀਬ ਇਕ ਦਹਾਕਾ ਪਹਿਲਾਂ ਦੀਨਾਨਗਰ-ਮੀਰਥਲ ਸੰਪਰਕ ਮਾਰਗ ਉੱਪਰ ਪਿੰਡ ਰਮਵਾਲ ਨੇੜੇ ਚੱਕੀ ਦਰਿਆ ਉੱਪਰ ਪੱਕਾ ਪੁਲ ਬਣਨ ਮਗਰੋਂ ਬਿਆਨਪੁਰ ਤੇ ਜੰਡੀ ਚੌਂਤਾ ਇਲਾਕੇ ਅੰਦਰ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ 'ਚ ਅਚਾਨਕ ਵਾਧਾ ਹੋ ਗਿਆ ਸੀ ਜਿਸ ਮਗਰੋਂ ਪੁਲਿਸ ਵਲੋਂ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ 'ਤੇ ਲਗਾਮ ਲਗਾਉਣ ਤੇ ਇਲਾਕੇ ਦੀ ਸੁਰੱਖਿਆ ਲਈ ਸਾਲ 2018 'ਚ ਪਿੰਡ ਰਮਵਾਲ ਨੇੜੇ ਚੱਕੀ ਦਰਿਆ ਦੇ ਪੁਲ ਉੱਪਰ ਪੁਲਿਸ ਚੌਕੀ ਬਣਾ ਦਿੱਤੀ ਗਈ ਸੀ | ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਨੂੰ ਦੀਨਾਨਗਰ ਨਾਲ ਸੜਕੀ ਰਸਤੇ ਜੋੜਨ ਵਾਲੇ ਚੱਕੀ ਦਰਿਆ ਉੱਪਰ ਬਣੇ ਪੁਲ 'ਤੇ ਪੁਲਿਸ ਚੌਕੀ ਬਣਨ ਮਗਰੋਂ ਇਲਾਕੇ ਦੇ ਜੰਡੀ, ਚੌਂਤਾ, ਬਿਆਨਪੁਰ, ਮੀਰਪੁਰ, ਰਮਵਾਲ, ਸਿੱਧਪੁਰ ਤੇ ਢਾਕੀ ਵਗ਼ੈਰਾ ਸਣੇ 20 ਦੇ ਕਰੀਬ ਪਿੰਡਾਂ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੇ ਸਨ | ਬਿਆਨਪੁਰ ਪੁਲਿਸ ਚੌਕੀ ਬਣਨ ਮਗਰੋਂ ਦੀਨਾਨਗਰ ਪੁਲਿਸ ਸਟੇਸ਼ਨ ਤੋਂ ਕਰੀਬ 10 ਤੋਂ 15 ਕਿੱਲੋਮੀਟਰ ਦੂਰੀ 'ਤੇ ਪੈਂਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਪੁਲਿਸ ਤੱਕ ਜ਼ਰੂਰੀ ਕੰਮਾਂ ਲਈ ਪਹੁੰਚ ਵੀ ਸੁਖਾਲੀ ਹੋ ਗਈ ਸੀ ਪਰ ਹੁਣ ਪੁਲਿਸ ਵਲੋਂ ਨਫ਼ਰੀ ਦੀ ਘਾਟ ਕਾਰਨ ਅਚਾਨਕ ਪੁਲਿਸ ਚੌਕੀ ਨੂੰ ਬੰਦ ਕਰ ਦਿੱਤੇ ਜਾਣ ਨਾਲ ਗੈਰ-ਸਮਾਜੀ ਅਨਸਰਾਂ ਦੇ ਹੌਸਲੇ ਤਾਂ ਜ਼ਰੂਰ ਬੁਲੰਦ ਹੋ ਗਏ ਹੋਣਗੇ ਪਰ ਇਸ ਖੇਤਰ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ | ਪੁਲਿਸ ਚੌਕੀ ਬੰਦ ਹੋਣ ਨਾਲ ਲੋਕਾਂ ਨੂੰ ਇਸ ਗੱਲ ਦਾ ਸਭ ਤੋਂ ਵੱਧ ਭੈਅ ਹੈ ਕਿ ਇੱਥੋਂ ਕਰੀਬ ਦੋ ਕਿੱਲੋਮੀਟਰ ਦੂਰੀ ਤੋਂ ਸ਼ੁਰੂ ਹੁੰਦੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਹੱਦ ਅੰਦਰ ਨਸ਼ੇ ਦੇ ਗੜ੍ਹ ਵਜੋਂ ਬਦਨਾਮ ਖੇਤਰਾਂ ਅੰਦਰ ਬੈਠੇ ਨਸ਼ੇ ਦੇ ਸੌਦਾਗਰਾਂ ਲਈ ਦੀਨਾਨਗਰ ਖੇਤਰ ਅੰਦਰ ਨਸ਼ੇ ਸਪਲਾਈ ਕਰਨੇ ਸੌਖੇ ਹੋ ਜਾਣਗੇ | ਜਿਸ ਉੱਪਰ ਪਹਿਲਾਂ ਪੁਲਿਸ ਚੌਕੀ ਹੋਣ ਕਾਰਨ ਕਾਫੀ ਹੱਦ ਤੱਕ ਠੱਲ੍ਹ ਪਈ ਸੀ | ਇਲਾਕੇ ਦੇ ਮੋਹਤਬਰਾਂ ਸਰਪੰਚ ਸੁਤੰਤਰ ਸਿੰਘ ਸਿੱਧਪੁਰ, ਸਰਪੰਚ ਤਰਸੇਮ ਲਾਲ ਚੌਂਤਾ, ਸਰਪੰਚ ਮਿਹਰ ਸਿੰਘ ਬਿਆਨਪੁਰ, ਸਰਪੰਚ ਰਣਜੀਤ ਸਿੰਘ ਢਾਕੀ ਅਤੇ ਸਰਪੰਚ ਸਾਹਿਲ ਠਾਕੁਰ ਜੰਡੀ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਿਆਨਪੁਰ ਪੁਲਿਸ ਚੌਕੀ ਨੂੰ ਜਲਦ ਮੁੜ ਬਹਾਲ ਕੀਤਾ ਜਾਵੇ |