ਗੁਰਦਾਸਪੁਰ, 21 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਬਹਿਰਾਮਪੁਰ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਵਲੋਂ ਪਿਛਲੇ ਦਿਨੀਂ ਕੀਤਾ ਗਿਆ ਸੀ, ਪਰ ਵਿਭਾਗ ਦੀ ਅਣਦੇਖੀ ਕਾਰਨ ਸੜਕ ਦੇ ਕੰਢੇ ਬਰ੍ਹਮਾ ਦੇ ਉੱਚੇ-ਨੀਵੇਂ ਹੋਣ ਕਾਰਨ ਅਕਸਰ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਲੰਬਾ ਸਮਾਂ ਗੁਰਦਾਸਪੁਰ-ਬਹਿਰਾਮਪੁਰ ਸੜਕ ਦੀ ਹਾਲਤ ਕਾਫ਼ੀ ਖਸਤਾ ਬਣੀ ਰਹੀ, ਜਿਸ ਦਾ ਲੋਕ ਨਿਰਮਾਣ ਵਿਭਾਗ ਵਲੋਂ ਨਿਰਮਾਣ ਕੀਤਾ ਗਿਆ, ਪਰ ਵਿਭਾਗ ਵਲੋਂ ਸੜਕ ਕੰਢੇ ਬਰ੍ਹਮਾ ਦੇ ਬਰਾਬਰ ਮਿੱਟੀ ਨਾ ਪਾਉਣ ਕਰਕੇ ਕੱਚੇ ਰਸਤੇ ਤੋਂ ਸੜਕ 'ਤੇ ਚੜ੍ਹਨ ਵਾਸਤੇ ਛੋਟੇ-ਮੋਟੇ ਵਾਹਨਾਂ ਨੂੰ ਕਾਫ਼ੀ ਦਿੱਕਤ ਪੇਸ਼ ਆ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਸੜਕ ਦੇ ਬਰ੍ਹਮਾ ਦੇ ਬਰਾਬਰ ਮਿੱਟੀ ਨਾ ਪਾ ਕੇ ਲਾਪ੍ਰਵਾਹੀ ਕੀਤੀ ਹੈ | ਲੋਕ ਨਿਰਮਾਣ ਵਿਭਾਗ ਨੇ ਸੜਕ ਤੋਂ ਪੁੱਟਿਆ ਮਲਬਾ ਵੀ ਸੜਕ ਕੰਢੇ ਸੁੱਟ ਦਿੱਤਾ ਹੈ, ਜਿਸ ਨਾਲ ਸੜਕ ਕੰਢੇ ਮੋਟੇ-ਮੋਟੇ ਪੱਥਰ, ਰੋੜੇ ਪਏ ਰਹਿਣ ਕਾਰਨ ਅਕਸਰ ਦੋ ਪਹੀਆ ਵਾਹਨ ਇਨ੍ਹਾਂ ਨਾਲ ਟਕਰਾ ਕੇ ਪਲਟ ਜਾਂਦੇ ਹਨ ਅਤੇ ਲੋਕ ਸੱਟਾਂ ਲਗਵਾ ਬੈਠਦੇ ਹਨ | ਉਨ੍ਹਾਂ ਕਿਹਾ ਸੜਕ 'ਤੇ ਵੱਡੀ ਗਿਣਤੀ ਵਿਚ ਵਾਹਨ ਚਾਲਕਾਂ ਦੀ ਆਵਾਜਾਈ ਚੱਲਦੀ ਰਹਿੰਦੀ ਹੈ ਅਤੇ ਖ਼ਾਸ ਕਰਕੇ ਰਾਤ ਸਮੇਂ ਜਦੋਂ ਕੋਈ ਵੱਡਾ ਵਾਹਨ ਸੜਕ ਤੋਂ ਗੁਜ਼ਰਦਾ ਹੈ, ਤਾਂ ਦੋ ਪਹੀਆ ਵਾਹਨ ਚਾਲਕ ਨੂੰ ਆਪਣਾ ਵਾਹਨ ਸੜਕ ਤੋਂ ਕੱਚੇ ਉਤਾਰਨਾ ਔਖਾ ਹੋ ਜਾਵੇਗਾ | ਉਨ੍ਹਾਂ ਕਿਹਾ ਇਸ ਸੜਕ 'ਤੇ ਵਿਭਾਗ ਵਲੋਂ ਕੋਈ ਵੀ ਕਿੱਲੋਮੀਟਰ ਦੀ ਦੂਰੀ ਦੱਸਣ ਵਾਲਾ ਸਾਈਨ ਬੋਰਡ ਵੀ ਨਹੀਂ ਲਗਾਇਆ ਗਿਆ | ਜਿਸ ਤੋਂ ਬਹਿਰਾਮਪੁਰ-ਗੁਰਦਾਸਪੁਰ ਨੂੰ ਆਉਣ ਸਮੇਂ ਸੜਕ ਦੀ ਦੂਰੀ ਦਾ ਪਤਾ ਚੱਲ ਸਕੇ | ਇਸ ਤੋਂ ਇਲਾਵਾ ਇਸ ਸੜਕ 'ਤੇ ਪਿੰਡ ਖ਼ੁਦਾਦਪੁਰ ਨਜ਼ਦੀਕ ਪੈਂਦੇ ਇਕ ਨਿੱਜੀ ਸਕੂਲ ਨਜ਼ਦੀਕ ਕੋਈ ਵੀ ਸਪੀਡ ਬਰੇਕਰ ਨਹੀਂ ਲਗਾਇਆ ਗਿਆ ਅਤੇ ਸਕੂਲ ਅੱਗੋਂ ਵਾਹਨ ਵੱਡੀ ਗਿਣਤੀ ਵਿਚ ਤੇਜ਼ ਸਪੀਡ ਨਾਲ ਗੁਜ਼ਰਦੇ ਹਨ, ਜੋ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ | ਲੋਕਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਗੁਰਦਾਸਪੁਰ-ਬਹਿਰਾਮਪੁਰ ਸੜਕ ਕੰਢੇ ਬਰ੍ਹਮਾ ਦੇ ਬਰਾਬਰ ਮਿੱਟੀ ਪੁਆਈ ਜਾਵੇ ਤਾਂ ਜੋ ਉੱਚੇ-ਨੀਵੇਂ ਬਰ੍ਹਮ ਸੜਕ ਬਰਾਬਰ ਹੋ ਸਕਣ ਅਤੇ ਵਾਹਨ ਚਾਲਕਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ |