ਧਿਆਨਪੁਰ, 21 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)-ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 10 ਲੱਖ ਵਾਲੇ ਸਿਹਤ ਯੋਜਨਾ ਬੀਮਾ ਕਾਰਡ ਬਣਾਏ ਜਾ ਰਹੇ ਹਨ ਅਤੇ ਬੜੇ ਜ਼ੋਰਾਂ-ਸ਼ੋਰਾਂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਸਰਕਾਰ 10 ਲੱਖ ਦਾ ਲੋਕਾਂ ਦਾ ਬੀਮਾ ਕਾਰਡ ਬਣਾ ਰਹੀ ਹੈ, ਪਰ ਜਨਰਲ ਸਰਜਰੀਆਂ ਦੇ ਅਪ੍ਰੇਸ਼ਨ ਇਸ ਬੀਮਾ ਕਾਰਡ 'ਤੇ ਨਹੀਂ ਹੋ ਰਹੇ, ਜਿਸ ਕਰ ਕੇ ਲੋਕ ਪ੍ਰੇਸ਼ਾਨੀ ਦੇ ਆਲਮ ਵਿਚ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਅਤੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਨੇ ਦੱਸਿਆ ਕਿ ਇਲਾਕੇ ਦੇ ਆਮ ਲੋਕ ਪਹਿਲਾਂ ਤਾਂ ਬੜੀ ਮੁਸ਼ਕਿਲ ਦੇ ਨਾਲ 10 ਲੱਖ ਵਾਲਾ ਬੀਮਾ ਕਾਰਡ ਬਣਾਉਂਦੇ ਹਨ ਅਤੇ ਫਿਰ ਜਦ ਉਹ ਜਿਨ੍ਹਾਂ ਹਸਪਤਾਲਾਂ ਵਿਚ ਇਹ ਬੀਮਾ ਕਾਰਡ ਚੱਲਣ ਦੀ ਸਰਕਾਰ ਵਲੋਂ ਸੂਚੀ ਜਾਰੀ ਕੀਤੀ ਗਈ ਹੈ, ਜਦ ਮਰੀਜ਼ ਉਥੇ ਆਪਣਾ ਇਲਾਜ ਕਰਵਾਉਣ ਲਈ ਜਾਂਦੇ ਹਨ ਤਾਂ ਉਹ ਹਸਪਤਾਲ ਵਾਲੇ ਆਗੂ ਕਹਿੰਦੇ ਹਨ ਕਿ ਇਸ ਕਾਰਡ 'ਤੇ ਜਨਰਲ ਸਰਜਰੀਆਂ ਬੰਦ ਹਨ, ਜਿਵੇਂ ਚੂਲੇ, ਪਿੱਤੇ ਦੀ ਪੱਥਰੀ, ਬੱਚੇਦਾਨੀ, ਬਵਾਸੀਰ, ਹਰਨੀਆਂ, ਲਵੇਰੀਨ ਅਤੇ ਅਪੈਨਡਿਕਸ ਆਦਿ ਦਾ ਅਪ੍ਰੇਸ਼ਨ ਇਸ 10 ਲੱਖ ਵਾਲੇ ਬੀਮਾ ਕਾਰਡ 'ਤੇ ਨਹੀਂ ਹੋ ਰਹੇ | ਉਨ੍ਹਾਂ ਕਿਹਾ ਕਿ ਇਹ ਸਰਜਰੀਆਂ ਲਈ 10 ਲੱਖ ਵਾਲੇ ਬੀਮਾ ਕਾਰਡ ਸਰਕਾਰ ਵਲੋਂ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਨਹੀਂ ਚਲਦੇ ਤਾਂ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ |