ਪਠਾਨਕੋਟ, 21 ਅਪ੍ਰੈਲ (ਸੁਮਿਤ)- ਗੈਸ ਸਿਲੰਡਰ ਦੀ ਕਮੀ ਨੇ ਹੋਟਲ ਉਦਯੋਗ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਹੋਟਲ ਅਤੇ ਰੈਸਟੋਰੈਂਟ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਗੈਸ ਸਿਲੰਡਰ ਸਮੇਂ 'ਤੇ ਨਹੀਂ ਮਿਲ ਰਹੇ ਜਿਸ ਕਾਰਨ ਰੋਜ਼ਾਨਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ | ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਔਲ਼ ਨੇ ਦੱਸਿਆ ਕਿ ਸ਼ਹਿਰ ਦੀ ਕਿਸੇ ਵੀ ਗੈਸ ਏਜੰਸੀ ਤੋਂ ਸਿਲੰਡਰ ਉਪਲਬਧ ਨਹੀਂ ਹੋ ਰਹੇ | ਉਨ੍ਹਾਂ ਕਿਹਾ ਕਿ ਰਸੋਈ ਦਾ ਸੰਚਾਲਨ ਪੂਰੀ ਤਰ੍ਹਾਂ ਗੈਸ 'ਤੇ ਨਿਰਭਰ ਹੁੰਦਾ ਹੈ, ਅਜਿਹੇ ਵਿਚ ਸਿਲੰਡਰਾਂ ਦੀ ਕਮੀ ਕਾਰਨ ਕਈ ਹੋਟਲਾਂ ਨੂੰ ਸੀਮਿਤ ਮੈਨਿਊ ਨਾਲ ਕੰਮ ਚਲਾਉਣਾ ਪੈ ਰਿਹਾ ਹੈ ਜਦਕਿ ਕੁਝ ਛੋਟੇ ਹੋਟਲ ਅਸਥਾਈ ਤੌਰ 'ਤੇ ਬੰਦ ਹੋਣ ਕਿਨਾਰੇ ਹਨ, ਇਸ ਨਾਲ ਨਾ ਸਿਰਫ਼ ਵਪਾਰ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਕਰਮਚਾਰੀਆਂ ਦੀ ਰੋਜ਼ੀ-ਰੋਟੀ 'ਤੇ ਵੀ ਸੰਕਟ ਮੰਡਰਾ ਰਿਹਾ ਹੈ | ਐਸੋਸੀਏਸ਼ਨ ਨੇ ਪ੍ਰਸ਼ਾਸਨ ਤੋਂ ਜਲਦ ਹੱਲ ਦੀ ਮੰਗ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਗੈਸ ਸਪਲਾਈ ਸੁਚਾਰੂ ਨਹੀਂ ਹੋਈ ਤਾਂ ਹੋਟਲ ਉਦਯੋਗ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ ਉੱਥੇ ਹੀ ਗਾਹਕਾਂ ਨੂੰ ਵੀ ਸੇਵਾਵਾਂ 'ਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਆਮ ਜਨਜੀਵਨ 'ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ |