ਤਾਰਾਗੜ੍ਹ, 21 ਅਪ੍ਰੈਲ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਦੇ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਦੀ ਦਾਣਾ ਮੰਡੀ ਵਿਚ ਕਈ ਸਾਲਾਂ ਤੋਂ ਸ਼ੈਡ ਨਾ ਹੋਣ ਕਾਰਨ ਕਿਸਾਨਾਂ ਨੰੂ ਆਪਣੀਆਂ ਫਸਲਾਂ ਦਾਣਾ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਰੱਖਣ ਕਾਰਨ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜ਼ਿਆਦਾਤਰ ਆੜ੍ਹਤੀਆਂ ਵਲੋਂ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਫਸਲਾਂ ਨੰੂ ਸ਼ੈਡ ਨਾ ਹੋਣ ਕਾਰਨ ਤਰਪਾਲਾਂ ਨਾਲ ਢੱਕਿਆ ਜਾਂਦਾ ਹੈ | ਜਦੋਂ ਅੱਜ 'ਅਜੀਤ' ਦੀ ਟੀਮ ਤਾਰਾਗੜ੍ਹ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਤਾਂ ਦੇਖਣ ਵਿਚ ਆਇਆ ਕਿ ਤਾਰਾਗੜ੍ਹ ਦੀ ਦਾਣਾ ਮੰਡੀ ਵਿਚ ਕਈ ਸਾਲਾਂ ਤੋਂ ਸ਼ੈਡ ਨਾ ਹੋਣ ਕਾਰਨ ਕਿਸਾਨਾਂ ਨੰੂ ਆਪਣੀਆਂ ਫ਼ਸਲਾਂ ਨੰੂ ਬਾਹਰ ਰੱਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਇਸ ਪਾਸੇ ਕੋਈ ਵੀ ਅਧਿਕਾਰੀ ਧਿਆਨ ਨਹੀਂ ਦੇ ਰਿਹਾ | ਕਈ ਕਿਸਾਨਾਂ ਨੇ ਦੱਸਿਆ ਕਿ 2022 ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਪੰਜਾਬ ਵਿਚ ਬਣ ਗਈ ਤਾਂ ਅਸੀਂ ਪਹਿਲ ਦੇ ਆਧਾਰ 'ਤੇ ਤਾਰਾਗੜ੍ਹ 'ਚ ਦਾਣਾ ਮੰਡੀ ਵਿਚ ਸ਼ੈਡ ਬਣਾਵਾਂਗੇ, ਪਰ ਸਰਕਾਰ ਨੰੂ ਬਣੇ 4 ਸਾਲ ਹੋ ਗਏ ਹਨ, ਅਜੇ ਤੱਕ ਦਾਣਾ ਮੰਡੀ ਵਿਚ ਸ਼ੈਡ ਨਹੀਂ ਬਣਾਈ ਗਈ | ਤਾਰਾਗੜ੍ਹ ਦੇ ਇਲਾਕੇ ਦੇ ਕਿਸਾਨਾਂ ਨੇ ਹਲਕੇ ਦੇ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਤਾਰਾਗੜ੍ਹ ਦਾਣਾ ਮੰਡੀ ਵਿਚ ਸ਼ੈਡ ਬਣਾਈ ਜਾਵੇ ਤਾਂ ਕਿ ਅਸੀਂ ਆਪਣੀਆਂ ਫਸਲਾਂ ਬਿਨਾਂ ਡਰ ਤੋਂ ਲੈ ਕੇ ਆ ਸਕੀਏ |