ਬਟਾਲਾ, 22 ਅਪ੍ਰੈਲ (ਰਾਕੇਸ਼ ਰੇਖੀ)- ਪਿੰਡ ਕੁਲਾਰ ਦੀ ਨਹਿਰ ਦੇ ਪੁਲ ਨੇੜੇ 2 ਲੁਟੇਰਿਆਂ ਨੇ ਮੋਟਰਸਾਈਕਲ ਸਵਾਰ 'ਤੇ ਹਮਲਾ ਕਰ ਕੇ ਕੁੱਟਮਾਰ ਕੀਤੀ ਤੇ ਉਸ ਤੋਂ 4 ਹਜ਼ਾਰ ਰੁਪਏ ਤੇ ਮੋਬਾਇਲ ਖੋਹ ਲਿਆ | ਥਾਣਾ ਘਣੀਏ-ਕੇ-ਬਾਂਗਰ ਦੇ ਏ.ਐੱਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਕੁਲਾਰ ਦੇ ਰਹਿਣ ਵਾਲੇ ਜਸਪਾਲ ਮਸੀਹ ਪੁੱਤਰ ਜਗੀਰ ਮਸੀਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਦੁਪਹਿਰ ਬਾਅਦ ਕਰੀਬ 2 ਵਜੇ ਉਹ ਅਲੀਵਾਲ ਤੋਂ ਆਪਣੇ ਪਿੰਡ ਕੁਲਾਰ ਜਾ ਰਿਹਾ ਸੀ | ਉਹ ਜਦੋਂ ਕੁਲਾਰ ਨੇੜੇ ਨਹਿਰ ਦੇ ਪੁਲ 'ਤੇ ਪਹੁੰਚਿਆ ਤਾਂ ਝਾੜੀਆਂ ਵਿਚ ਲੁਕੇ 2 ਅਣਪਛਾਤੇ ਵਿਅਕਤੀ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਆ ਗਏ | ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਉਸ ਦੇ ਹੱਥ 'ਤੇ ਵਾਰ ਕੀਤਾ | ਉਕਤ ਵਿਅਕਤੀ ਉਸ ਦੀ ਜੇਬ ਵਿਚੋਂ 4 ਹਜ਼ਾਰ ਰੁਪਏ ਤੇ ਮੋਬਾਈਲ ਕੱਢ ਕੇ ਫ਼ਰਾਰ ਹੋ ਗਏ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |