ਗੁਰਦਾਸਪੁਰ, 24 ਅਪ੍ਰੈਲ (ਚੱਕਰਾਜਾ)- ਅਕਸਰ ਝੋਨੇ ਤੇ ਕਣਕ ਦੇ ਸੀਜ਼ਨ 'ਚ ਗੁਦਾਮਾਂ ਦੇ ਬਾਹਰ ਟਰੱਕਾਂ ਤੇ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਇਨ੍ਹਾਂ ਨੂੰ ਖਾਲੀ ਹੋਣ 'ਚ ਕਈ ਕਈ ਦਿਨ ਲੱਗ ਜਾਂਦੇ ਹਨ | ਗੱਲ ਜੇਕਰ ਗੁਰਦਾਸਪੁਰ ਦੇ ਕਲਾਨੌਰ ਰੋਡ ਦੀ ਕਰੀਏ ਤਾਂ ਇੱਥੇ ਸਥਿਤ ਗੁਦਾਮ ਵਿਚ ਲੇਬਰ ਦੀ ਘਾਟ ਕਾਰਨ ਕਈ ਕਈ ਦਿਨ ਟਰੱਕ ਟਰਾਲੀਆਂ ਨੂੰ ਖੜੇ ਹੋਣਾ ਪੈਂਦਾ ਹੈ ਜਿਸ ਕਾਰਨ ਗੁਦਾਮ ਦੇ ਦੋਨਾਂ ਪਾਸੇ ਦੋ-ਦੋ ਕਿੱਲੋਮੀਟਰ ਤੱਕ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਕਰਕੇ ਅੱਧੀ ਸੜਕ ਘੇਰੀ ਹੋਣ ਕਾਰਨ ਹਾਦਸੇ ਵਾਪਰ ਜਾਂਦੇ ਹਨ | ਬੀਤੀ ਰਾਤ ਵੀ ਇਸੇ ਕਤਾਰ 'ਚ ਸਭ ਤੋਂ ਪਿੱਛੇ ਖੜੀ ਇਕ ਟਰਾਲੀ ਵਿਚ ਗੁਰਦਾਸਪੁਰ ਸਾਈਡ ਤੋਂ ਆ ਰਹੀ ਇਕ ਕਾਰ ਆ ਵੱਜੀ ਜਿਸ ਕਾਰਨ ਕਾਰ ਦੇ ਪ੍ਰਖੱਚੇ ਉੱਡ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਉਥੇ ਹੀ ਮੌਕੇ 'ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੂਬਾ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਸੀਜ਼ਨ ਵਿਚ ਇੱਥੇ ਇਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋਈ ਸੀ ਤੇ ਇਸ ਸੀਜ਼ਨ ਵਿਚ ਵੀ ਚਾਰ ਪੰਜ ਦਿਨਾਂ 'ਚ ਇਹ ਤਿੰਨ ਦੁਰਘਟਨਾਵਾਂ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਬੋਰੀਆਂ ਨਾਲ ਲੱਦੇ ਟਰੱਕ ਟਰਾਲੀਆਂ ਝੋਨੇ ਤੇ ਕਣਕ ਦੇ ਸੀਜ਼ਨ 'ਚ ਅੱਧੀ ਸੜਕ ਘੇਰ ਕੇ ਖੜੇ ਹੁੰਦੇ ਹਨ ਕਿਉਂਕਿ ਇਨ੍ਹਾਂ ਦੀ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਲੇਬਰ ਦੀ ਕਮੀ ਹੋਣ ਕਾਰਨ ਇਹ ਗੱਡੀਆਂ ਚਾਰ ਚਾਰ ਦਿਨ ਬਾਅਦ ਖਾਲੀ ਹੁੰਦੀਆਂ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਗਾਤਾਰ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਇੱਥੇ ਪੁਖ਼ਤਾ ਪ੍ਰਬੰਧ ਕਰਨ ਸਮੇਤ ਗੁਦਾਮ ਤੇ ਸ਼ੈਲਰ ਮਾਲਕ ਨੂੰ ਲੋੜ ਅਨੁਸਾਰ ਲੇਬਰ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ, ਜਿਸ ਨਾਲ ਕੋਈ ਹਾਦਸਾ ਨਾ ਵਾਪਰ ਸਕੇ |