ਘਰੋਟਾ, 24 ਅਪ੍ਰੈਲ (ਸੰਜੀਵ ਗੁਪਤਾ)- ਖੇਤਰ ਦਾ ਸਭ ਤੋਂ ਵਿਅਸਤ ਮੰਨਿਆ ਜਾਣ ਵਾਲਾ ਨਾਲਾ ਟੀ-ਪੁਆਇੰਟ ਚੌਕ ਨਾਲਾ ਇਸ ਸਮੇਂ ਲਗਾਤਾਰ ਵੱਧ ਰਹੇ ਸੜਕ ਹਾਦਸਿਆਂ ਕਾਰਨ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ | ਇਹ ਚੌਕ ਸੈਨਾ ਮੈਡਲ ਸ਼ਹੀਦ ਮੈਡਮ ਲਾਲ ਸ਼ਰਮਾ ਗੇਟ ਦੇ ਨੇੜੇ ਸਥਿਤ ਹੈ, ਜਿੱਥੋਂ ਤਿੰਨ ਵੱਖ-ਵੱਖ ਦਿਸ਼ਾਵਾਂ ਵੱਲ ਮੁੱਖ ਸੜਕਾਂ ਨਿਕਲਦੀਆਂ ਹਨ ਜਿਸ ਕਾਰਨ ਦਿਨ ਭਰ ਇੱਥੇ ਭਾਰੀ ਆਵਾਜਾਈ ਰਹਿੰਦੀ ਹੈ | ਇਕ ਸੜਕ ਬਲਾਕ ਮੁੱਖ ਦਫ਼ਤਰ ਘਰੋਟਾ ਵੱਲ ਜਾਂਦੀ ਹੈ, ਦੂਜੀ ਜ਼ਿਲ੍ਹਾ ਹੈੱਡ ਕਵਾਟਰ ਪਠਾਨਕੋਟ, ਨਵੋਦਿਆ ਵਿਦਿਆਲੇ, ਨਵੇਂ ਚੱਕੀ ਪੁਲ ਤੇ ਸਿੰਬਲੀ ਤਲਵਾੜਾ ਜੱਟਾਂ ਵੱਲ ਨੂੰ ਜਾਂਦੀ ਹੈ ਜਦਕਿ ਤੀਜੀ ਸੜਕ ਦੀਨਾਨਗਰ, ਜੰਗਲ ਭਵਾਨੀ, ਸਰਨਾ ਤੇ ਕਟਾਰੂਚੱਕ ਖੇਤਰਾਂ ਨੂੰ ਜੋੜਦੀ ਹੈ | ਇਸ ਕਰਕੇ ਇਹ ਟੀ-ਪੁਆਇੰਟ ਹਮੇਸ਼ਾ ਵਾਹਨਾਂ ਦੀ ਭੀੜ ਨਾਲ ਭਰਿਆ ਰਹਿੰਦਾ ਹੈ | ਸਥਾਨਕ ਲੋਕਾਂ ਅਨੁਸਾਰ ਹਾਲ ਹੀ ਵਿਚ ਬਣੀ ਨਵੀਂ ਸੜਕ ਦੇ ਕਾਰਨ ਵਾਹਨਾਂ ਦੀ ਰਫ਼ਤਾਰ ਵਿਚ ਕਾਫ਼ੀ ਵਾਧਾ ਹੋਇਆ ਹੈ ਜਿਸ ਨਾਲ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵੱਧ ਗਿਆ ਹੈ | ਟੀ-ਪੁਆਇੰਟ ਦਾ ਤਿੱਖਾ ਮੋੜ, ਅਧੂਰੀ ਲਾਈਟਿੰਗ ਵਿਵਸਥਾ ਅਤੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਕਾਰਨ ਦਿ੍ਸ਼ਟੀ ਰੁਕਦੀ ਹੈ | ਜਿਸ ਨਾਲ ਆਉਣ ਵਾਲੇ ਵਾਹਨਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ | ਖ਼ਾਸ ਕਰਕੇ ਰਾਤ ਦੇ ਸਮੇਂ ਹਾਲਾਤ ਹੋਰ ਵੀ ਖ਼ਤਰਨਾਕ ਹੋ ਜਾਂਦੇ ਹਨ, ਕਿਉਂਕਿ ਚੌਕ 'ਤੇ ਸਟਰੀਟ ਲਾਈਟਾਂ ਦੀ ਕਮੀ ਹੈ | ਇਸ ਤੋਂ ਇਲਾਵਾ ਕੋਈ ਟ੍ਰੈਫਿਕ ਸੰਕੇਤ ਜਾਂ ਚਿਤਾਵਨੀ ਬੋਰਡ ਵੀ ਮੌਜੂਦ ਨਹੀਂ ਹਨ | ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨ ਅਚਾਨਕ ਟੀ-ਪੁਆਇੰਟ 'ਤੇ ਮੋੜ ਲੈਂਦੇ ਸਮੇਂ ਸਾਹਮਣੇ ਆ ਜਾਂਦੇ ਹਨ, ਜਿਸ ਕਾਰਨ ਟੱਕਰਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ | ਕਈ ਵਾਰ ਮੋਟਰਸਾਈਕਲ ਸਵਾਰ ਅਤੇ ਛੋਟੇ ਵਾਹਨ ਚਾਲਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਕੁਝ ਲੋਕ ਗੰਭੀਰ ਰੂਪ ਵਿਚ ਜ਼ਖਮੀ ਵੀ ਹੋਏ ਹਨ | ਇਲਾਕੇ ਦੇ ਨਿਵਾਸੀ ਮਾਸਟਰ ਤਿਲਕ ਰਾਜ, ਜਸਵੰਤ ਸਿੰਘ, ਦਿਲਬਾਗ ਸਿੰਘ, ਰਸ਼ਪਾਲ ਸਿੰਘ, ਰਾਜੇਸ਼ ਸਿੰਘ, ਮਦਨ ਲਾਲ, ਅਵਤਾਰ ਸਿੰਘ, ਰਿੱਕੀ, ਬੁਰਾਕੇਸ਼ ਸਿੰਘ ਅਤੇ ਜੁਗਲ ਕੁਮਾਰ ਨੇ ਪ੍ਰਸ਼ਾਸਨ ਕੋਲ ਮੰਗ ਰੱਖੀ ਹੈ ਕਿ ਇਸ ਖ਼ਤਰਨਾਕ ਟੀ-ਪੁਆਇੰਟ 'ਤੇ ਤੁਰੰਤ ਪ੍ਰਭਾਵ ਨਾਲ ਸਪੀਡ ਬ੍ਰੇਕਰ ਲਗਾਏ ਜਾਣ | ਇਸ ਦੇ ਨਾਲ ਹੀ ਉਨ੍ਹਾਂ ਨੇ ਚੌਕ 'ਤੇ ਸਟਰੀਟ ਲਾਈਟਾਂ ਲਗਾਉਣ, ਟ੍ਰੈਫਿਕ ਸੰਕੇਤ ਬੋਰਡ ਲਗਾਉਣ ਅਤੇ ਜ਼ਰੂਰਤ ਪੈਣ 'ਤੇ ਟ੍ਰੈਫਿਕ ਪੁਲਿਸ ਦੀ ਡਿਊਟੀ ਲਗਾਉਣ ਦੀ ਵੀ ਮੰਗ ਕੀਤੀ ਹੈ |