ਗੁਰਦਾਸਪੁਰ, 25 ਅਪ੍ਰੈਲ (ਅਸ਼ੋਕ ਸ਼ਰਮਾ)- ਹਲਕਾ ਇੰਚਾਰਜ ਰਮਨ ਬਹਿਲ ਵਲੋਂ ਲਗਾਤਾਰ ਹਲਕੇ ਅੰਦਰ ਸਰਵਪੱਖੀ ਵਿਕਾਸ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ ਹਨ ਜਿਸ ਦੇ ਤਹਿਤ ਉਨ੍ਹਾਂ ਵਲੋਂ ਗੁਰਦਾਸਪੁਰ ਵਾਸੀਆਂ ਨੰੂ ਵੱਡਾ ਤੋਹਫ਼ਾ ਦਿੰਦੇ ਹੋਏ 8 ਕਰੋੜ 90 ਲੱਖ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਸਬ ਸਟੇਸ਼ਨ ਦਾ ਨੀਂਹ ਪੱਥਰ ਪਾਵਰ ਕਾਲੋਨੀ ਜੇਲ੍ਹ ਰੋਡ ਵਿਖੇ ਰੱਖਿਆ ਗਿਆ | ਇਸ ਮੌਕੇ ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ ਚੀਫ਼ ਇੰਜੀਨੀਅਰ ਬਾਰਡਰ ਜ਼ੋਨ ਪਾਵਰਕਾਮ ਅੰਮਿ੍ਤਸਰ ਵੀ ਹਾਜ਼ਰ ਸਨ | ਰਮਨ ਬਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ 66 ਕੇ.ਵੀ. ਨਵੇਂ ਸਬ ਸਟੇਸ਼ਨ ਬਣਨ ਨਾਲ ਸ਼ਹਿਰ ਵਾਸੀਆਂ ਨੰੂ ਹੋਰ ਬਿਹਤਰ ਬਿਜਲੀ ਸਪਲਾਈ ਮੁਹੱਈਆ ਹੋਵੇਗੀ | ਉਨ੍ਹਾਂ ਦੱਸਿਆ ਕਿ ਟੈਂਡਰ ਲੱਗ ਚੁੱਕਾ ਹੈ ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦੇ ਹਨ ਤੇ ਲੋਕ ਸੇਵਾ ਹੀ ਉਨ੍ਹਾਂ ਦੀ ਪਹਿਲ ਹੈ | ਇਸ ਮੌਕੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਹਲਕਾ ਕੋਆਰਡੀਨੇਟਰ ਨੀਰਜ ਸਲਹੋਤਰਾ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਐਕਸੀਅਨ ਕੁਲਦੀਪ ਸਿੰਘ, ਚੇਅਰਮੈਨ ਰਜਿੰਦਰ ਨੰਦਾ, ਗਗਨ ਮਹਾਜਨ, ਵਪਾਰ ਮੰਡਲ ਪ੍ਰਧਾਨ ਅਸ਼ਵਨੀ ਮਹਾਜਨ, ਹਿਤੇਸ਼ ਮਹਾਜਨ ਤੇ ਹੋਰ ਆਗੂ ਹਾਜ਼ਰ ਸਨ |