ਨੌਸ਼ਹਿਰਾ ਮੱਝਾ ਸਿੰਘ, 25 ਅਪ੍ਰੈਲ (ਰਵੀ ਭਗਤ)- ਸਥਾਨਕ ਸੰਤ ਜੇਵੀਅਰ ਸਕੂਲ (ਸਤਕੋਹਾ) ਨੌਸ਼ਹਿਰਾ ਮੱਝਾ ਸਿੰਘ ਵਿਖੇ ਵਿਦਿਆਰਥੀ ਕੈਬਨਿਟ ਕੌਂਸਲ ਪਦਵੀ ਪ੍ਰਦਾਨ ਰਸਮ ਸਮਾਗਮ ਫਾਦਰ ਫਰੈਂਕੀ ਡੀ. ਕੂਨਾ ਸਕੂਲ ਮੈਨੇਜਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਦਰ ਰੈਮੀ ਕਾਰਡੋਜੋ ਸਕੂਲ ਪਿ੍ੰਸੀਪਲ ਦੀ ਅਗਵਾਈ ਤੇ ਮੌਜੂਦਗੀ ਵਿਚ ਹੋਇਆ | ਇਸ ਦੌਰਾਨ ਸਾਲ 2026-27 ਲਈ ਮੁੱਖ ਲੜਕਾ ਤੇ ਮੁੱਖ ਲੜਕੀ ਅਤੇ ਹਾਊਸ ਕੈਪਟਨਾਂ ਨਾਲ-ਨਾਲ ਅਨੁਸ਼ਾਸਨ, ਅਸੈਂਬਲੀ ਤੇ ਹੋਰ ਕਮੇਟੀਆਂ ਲਈ ਵਿਦਿਆਰਥੀਆਂ ਦੀ ਚੋਣ ਸਕੂਲ ਪ੍ਰਬੰਧਕਾਂ ਤੇ ਕਮੇਟੀ ਮੈਂਬਰਾਂ ਵਲੋਂ ਵਿਦਿਆਰਥੀਆਂ ਦੀ ਯੋਗਤਾ ਦੇ ਆਧਾਰ 'ਤੇ ਹੋਈ ਜਿਸ ਵਿਚ ਆਮੋਸ ਗਿੱਲ ਦਸਵੀਂ ਜਮਾਤ ਨੂੰ ਮੁੱਖ ਲੜਕਾ ਤੇ ਹਰਸਿਮਰਤ ਕੌਰ ਮੁੱਖ ਲੜਕੀ ਤੇ ਹਰ ਹਾਊਸ ਲਈ ਕੈਪਟਨ ਤੇ ਉਪ ਕੈਪਟਨ ਚੁਣੇ ਜਾਣ 'ਤੇ ਸਕੂਲ 'ਚ ਸਹੁੰ ਚੁੱਕ ਸਮਾਗਮ ਹੋਇਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਬਲਵਿੰਦਰ ਸਿੰਘ ਗਿੱਲ ਬੀ.ਪੀ.ਈ.ਓ. ਨੇ ਸ਼ਿਰਕਤ ਕੀਤੀ | ਸਕੂਲ ਪਿ੍ੰਸੀਪਲ ਫਾਦਰ ਰੈਮੀ ਕਾਰਡੋਜੋ ਦੇ ਨਿਰਦੇਸ਼ਾਂ 'ਤੇ ਸਕੂਲ ਸੱਭਿਅਚਾਰਕ ਕਮੇਟੀ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ | ਪਿ੍ੰ. ਰੈਮੀ ਕਾਰਡੋਜੋ ਤੇ ਮੁੱਖ ਮਹਿਮਾਨ ਬਲਵਿੰਦਰ ਸਿੰਘ ਗਿੱਲ ਨੇ ਚੁਣੀ ਵਿਦਿਆਰਥੀ ਕੌਂਸਲ ਨੂੰ ਉਤਸ਼ਾਹਿਤ ਕੀਤਾ |