ਬਟਾਲਾ, 25 ਅਪ੍ਰੈਲ (ਸਤਿੰਦਰ ਸਿੰਘ)- ਪ੍ਰਧਾਨ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਦੀ ਸਰਪ੍ਰਸਤੀ ਹੇਠ ਤੇ ਡਾਇਰੈਕਟਰ ਵਿਦਿਆ ਇੰਜ. ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿ੍ੰਸੀਪਲ ਡਾ. ਚਰਨਜੀਤ ਸਿੰਘ ਦੀ ਅਗਵਾਈ 'ਚ ਗੁਰੂ ਨਾਨਕ ਕਾਲਜ ਬਟਾਲਾ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ | ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਅਕਾਦਮਿਕ ਖੇਤਰ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਪ੍ਰਸਿੱਧ ਸਾਹਿਤ ਆਲੋਚਕ ਕੇਂਦਰ ਯੂਨੀਵਰਸਿਟੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਡਾ. ਨਰੇਸ਼ ਕੁਮਾਰ ਦੇ ਸਨਮਾਨ 'ਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਸਮਾਗਮ ਦੌਰਾਨ ਕਾਲਜ ਪਿ੍ੰਸੀਪਲ ਡਾ. ਚਰਨਜੀਤ ਸਿੰਘ ਨੇ ਡਾ. ਨਰੇਸ਼ ਕੁਮਾਰ ਨੂੰ ਆਪਣੇ ਸਮੇਂ ਇਕ ਸਮਰੱਥ ਤੇ ਪ੍ਰਭਾਵਸ਼ਾਲੀ ਸਾਹਿਤ ਆਲੋਚਕ ਵਜੋਂ ਰੁ-ਬਰੂ ਕਰਵਾਇਆ | ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਨੇ ਡਾ. ਨਰੇਸ਼ ਕੁਮਾਰ ਨੂੰ 'ਸਿਰੜੀ ਆਲੋਚਕ' ਦਾ ਖਿਤਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ | ਉਨ੍ਹਾਂ ਨੇ ਦਰਜਨਾਂ ਪੁਸਤਕਾਂ ਦੀ ਰਚਨਾ ਕਰ ਕੇ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ | ਕਾਲਜ ਦੇ ਸਮੂਹ ਸਟਾਫ਼ ਵਲੋਂ ਪ੍ਰੋਫ਼ੈਸਰ ਡਾ. ਨਰੇਸ਼ ਕੁਮਾਰ ਨੂੰ ਸਨਮਾਨ ਚਿੰਨ੍ਹ ਤੇ ਕੀਮਤੀ ਪੁਸਤਕਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਆਪਣੇ ਸੰਬੋਧਨ 'ਚ ਡਾ. ਨਰੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਸਾਹਿਤ ਨਾਲ ਡੂੰਘੀ ਲਗਾਵ ਰੱਖਣ ਤੇ ਆਪਣੀ ਸਾਂਝੀ ਵਿਰਾਸਤ ਤੋਂ ਜੁੜ ਕੇ ਇਸ ਨੂੰ ਹੋਰ ਅਮੀਰ ਬਣਾਉਣ 'ਚ ਯੋਗਦਾਨ ਪਾਉਣ | ਸਮਾਰੋਹ ਦੌਰਾਨ ਪ੍ਰੋ. ਅੰਮਿ੍ਤਪਾਲ ਸਿੰਘ, ਪ੍ਰੋ. ਅਮਨਦੀਪ ਕੌਰ (ਕੰਪਿਊਟਰ), ਪ੍ਰੋ. ਨਰਿੰਦਰ ਕੌਰ, ਪ੍ਰੋ. ਰਾਜਬੀਰ ਕੌਰ, ਪ੍ਰੋ. ਸ਼ੁਭਦੀਪ ਕੌਰ, ਪ੍ਰੋ. ਹਰਸੀਰਤ ਕੌਰ, ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਨਵਦੀਪ ਕੌਰ, ਪ੍ਰੋ. ਨੇਹਾ ਢੱਲ ਤੇ ਗੁਰਪਿੰਦਰ ਸਿੰਘ ਤੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹਾਜ਼ਰ ਸਨ |