ਗੁਰਦਾਸਪੁਰ, 25 ਅਪ੍ਰੈਲ (ਪੰਕਜ ਸ਼ਰਮਾ)- ਸ਼ਹਿਰ ਦੇ ਪ੍ਰੇਮ ਨਗਰ ਰੋਡ 'ਤੇ ਦੇਰ ਰਾਤ ਇਕ ਸਵਿਫਟ ਗੱਡੀ ਵੱਜਣ ਕਾਰਨ ਇਲਾਕੇ ਦੀ ਬਿਜਲੀ ਬੰਦ ਹੋ ਗਈ | ਜਾਣਕਾਰੀ ਅਨੁਸਾਰ ਇਕ ਸਵਿਫਟ ਗੱਡੀ ਸ਼ਹਿਰ ਵੱਲ ਨੰੂ ਆ ਰਹੀ ਸੀ ਕਿ ਜਦੋਂ ਉਹ ਪ੍ਰੇਮ ਨਗਰ ਨੇੜੇ ਹਰਦੋਛੰਨੀ ਰੋਡ 'ਤੇ ਪਹੁੰਚੀ ਤਾਂ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਉਕਤ ਗੱਡੀ ਇਕ ਬਿਜਲੀ ਦੇ ਟਰਾਂਸਫਾਰਮਰ ਵਿਚ ਜਾ ਵੱਜੀ ਜਿਸ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ, ਉਥੇ ਹੀ ਗੱਡੀ ਚਾਲਕ ਦੇ ਵੀ ਸੱਟਾਂ ਲੱਗੀਆਂ | ਗੱਡੀ ਟਰਾਂਸਫਾਰਮਰ ਵਿਚ ਇੰਨੀ ਜ਼ੋਰ ਨਾਲ ਵੱਜੀ ਕਿ ਖੰਬੇ ਟੁੱਟ ਗਏ ਤੇ ਟਰਾਂਸਫਾਰਮਰ ਹੇਠਾਂ ਡਿੱਗ ਗਿਆ ਜਿਸ ਕਾਰਨ ਸ਼ਹਿਰ ਦੇ ਕੁਝ ਹਿੱਸੇ ਦੀ ਬਿਜਲੀ ਗੁੱਲ ਹੋ ਗਈ | ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਜਗ੍ਹਾ 'ਤੇ ਇਕ ਗੱਡੀ ਸਬਜ਼ੀ ਵਾਲੀ ਰੇਹੜੀ ਵਿਚ ਵੱਜਣ ਕਾਰਨ ਵੱਡਾ ਹਾਦਸਾ ਵਾਪਰਿਆ ਸੀ | ਮੌਕੇ 'ਤੇ ਪਹੁੰਚੇ ਪਾਵਰਕਾਮ ਦੇ ਜੇ.ਈ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਦੁਰਘਟਨਾ 'ਚ ਪਾਵਰਕਾਮ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ ਕਿਉਂਕਿ ਦੋਵੇਂ ਟਰਾਂਸਫ਼ਾਰਮਰ ਅਤੇ ਖੰਬੇ ਬੁਰੀ ਤਰ੍ਹਾਂ ਨਾਲ ਟੁੱਟ ਗਏ ਹਨ ਜਦ ਕਿ ਤਾਰਾਂ ਵੀ ਕਾਫੀ ਟੁੱਟ ਗਈਆਂ ਹਨ |