ਧਾਰੀਵਾਲ, 25 ਅਪ੍ਰੈਲ (ਸਵਰਨ ਸਿੰਘ)- ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਬੱਸ ਸਟੈਂਡ ਧਾਰੀਵਾਲ ਵਿਖੇ ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਸਹਿਰ ਵਿਚੋਂ ਲੰਘਦੇ ਮੁੱਖ ਮਾਰਗ ਦੇ ਸੁੰਦਰੀਕਰਨ ਤੇ ਧਾਰੀਵਾਲ ਨੂੰ ਆਉਂਦੀਆਂ ਸਾਰੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ | ਐਡਵੋਕੇਟ ਸੇਖਵਾਂ ਨੇ ਕਿਹਾ ਕਿ ਸ਼ਹਿਰ ਜਾਂ ਇਲਾਕੇ ਵਿਚ ਕੋਈ ਵੀ ਸੜਕ ਅਧੂਰੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਮੁਕੰਮਲ ਕੀਤੇ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਧਾਰੀਵਾਲ ਸ਼ਹਿਰ ਲਈ ਸੀਵਰੇਜ ਪ੍ਰੋਜੈਕਟ ਦਾ ਟੈਂਡਰ ਵੀ ਲੱਗ ਚੁੱਕਾ ਹੈ ਤੇ ਇਕ ਹਫਤੇ ਅੰਦਰ ਸੀਵਰੇਜ ਪਾਉਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਤਿੰਦਰ ਕੌਰ ਖੁੰਡੀ ਨੈਸ਼ਨਲ ਅਵਾਰਡੀ, ਜ਼ਿਲ੍ਹਾ ਪ੍ਰੀਸ਼ਦ ਮੈਬਰ ਬਲਜੀਤ ਸਿੰਘ ਸੋਹਲ, ਪ੍ਰਧਾਨ ਅਸ਼ਵਨੀ ਦੁੱਗਲ, ਬਲਾਕ ਸੰਮਤੀ ਉਪ ਚੇਅਰਮੈਨ ਗੁਰਦੀਪ ਸਿੰਘ ਦੀਪ ਸੰਧੂ, ਸ਼ਹਿਰੀ ਪ੍ਰਧਾਨ ਰਮੇਸ਼ ਮੇਸਾ ਸਾਬਕਾ ਕੌਂਸਲਰ, ਬੀਬੀ ਸੁਖਵਿੰਦਰ ਕੌਰ ਬਾਜਵਾ, ਨਰਾਇਣ ਮਲਹੋਤਰਾ, ਬਲਾਕ ਪ੍ਰਧਾਨ ਸੋਨੂੰ ਰੰਧਾਵਾ, ਹਰਦੇਵ ਸਿੰਘ ਦੇਬੀ ਸੰਧਵਾਂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਹਾਜ਼ਰ ਸਨ |