ਪਠਾਨਕੋਟ, 25 ਅਪ੍ਰੈਲ (ਵਿਨੋਦ)- ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਟਰੇਡ ਡੀਲਰ ਹਨ, ਜਿਸ ਦਾ ਭਾਅ ਸ਼ੇਅਰ ਮਾਰਕੀਟ ਵਾਂਗ ਤੇਜ਼ ਮਿਲਦਾ ਹੈ, ਉਧਰ ਹੀ ਚਲੇ ਜਾਂਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਵਿਚ 'ਆਪ' ਸੰਸਦ ਮੈਂਬਰਾਂ ਦੇ ਸ਼ਾਮਿਲ ਹੋਣ 'ਤੇ ਚੁਟਕੀ ਭਰਦੇ ਹੋਏ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਦੇ ਸਾਰੇ ਹੀ ਲੀਡਰ ਟਰੇਡ ਡੀਲਰ ਬਣ ਕੇ ਪੰਜਾਬ ਨੂੰ ਲੁੱਟਣ ਹੀ ਆਏ ਸਨ, ਕੁਝ ਲੁੱਟ ਕੇ ਲੈ ਗਏ ਤੇ ਕੁਝ ਨੇ ਲੁੱਟ ਕੇ ਲੈ ਜਾਣਾ ਹੈ | ਉਨ੍ਹਾਂ ਕਿਹਾ ਕਿ ਜਦੋਂ ਇਕ ਜਹਾਜ਼ ਮਹਾਰਾਸ਼ਟਰ ਤੋਂ ਪੰਜਾਬ 'ਚ ਉਤਰੇਗਾ, ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਜਹਾਜ਼ 'ਚ ਸਵਾਰ ਹੋ ਕੇ ਭਾਜਪਾ ਵਿਚ ਜਾਣਗੇ | ਉਨ੍ਹਾਂ ਕਿਹਾ ਕਿ ਰਾਘਵ ਚੱਡਾ ਵਲੋਂ ਲਗਪਗ 45 ਵਿਧਾਇਕਾਂ ਨੂੰ ਸੰਪਰਕ ਵਿਚ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਵੀ ਟਰੇਡ ਡੀਲ ਕੀਤੀ ਜਾਵੇਗੀ, ਜਿਸ ਨੂੰ ਭਗਵੰਤ ਮਾਨ ਹੀ ਦੇਖਣਗੇ | ਉਨ੍ਹਾਂ ਕਿਹਾ ਕਿ ਬਾਹਰੋਂ ਆਏ ਲੋਕਾਂ ਵਲੋਂ ਪੰਜਾਬ ਨੂੰ ਖੂਬ ਲੁੱਟਿਆ ਗਿਆ ਹੈ | ਹੁਣ ਭਗਵੰਤ ਮਾਨ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗ ਰਹੇ ਹਨ, ਉਸ ਦਾ ਕੋਈ ਫਾਇਦਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸੌਦੇ ਦੀ ਟਰੇਡ ਡੀਲ ਕਰਨਾ ਬੜਾ ਮੰਦਭਾਗਾ ਹੈ ਜਿਸ ਉੱਤੇ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਬੜੀ ਜਲਦ ਹੀ ਭਗਵੰਤ ਮਾਨ ਦਾ ਵੀ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇਗਾ, ਲੋਕ ਜਾਣ ਜਾਣਗੇ ਕਿ ਆਮ ਆਦਮੀ ਪਾਰਟੀ ਦੇ ਲੋਕ ਪੰਜਾਬ ਦੇ ਹਿਤੈਸ਼ੀ ਨਹੀਂ ਸਨ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਰਮਨ ਭੱਲਾ, ਕਾਂਗਰਸੀ ਨੇਤਾ ਅਨਿਲ ਦਾਰਾ ਅਤੇ ਹੋਰ ਲੀਡਰ ਮੌਜੂਦ ਸਨ |