ਗੁਰਦਾਸਪੁਰ, 27 ਅਪ੍ਰੈਲ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅੰਦਰ ਰੋਜ਼ਾਨਾ ਕਈ ਕਈ ਘੰਟੇ ਬਿਜਲੀ ਬੰਦ ਰਹਿਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ 'ਚ ਭਾਰੀ ਵਾਧਾ ਹੋਇਆ ਹੈ | ਜਿਸ ਨਾਲ ਲੋਕ ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ 'ਤੇ ਨਿਕਲਣ ਲਈ ਮਜਬੂਰ ਹੋ ਰਹੇ ਹਨ | ਇਸ ਸਬੰਧੀ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਅਤੇ ਕੁਝ ਸਿਆਸੀ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਬਿਜਲੀ ਦੀ ਮੁਰੰਮਤ ਦੇ ਬਹਾਨੇ ਬਿਜਲੀ ਬੰਦ ਰਹਿੰਦੀ ਹੈ ਅਤੇ ਇਸ ਨਾਲ ਬਜ਼ੁਰਗ, ਬੱਚੇ ਤੇ ਬਿਮਾਰ ਲੋਕ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ | ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਬਿਜਲੀ ਬੰਦ ਰਹਿਣ ਦੀਆਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹਨ ਅਤੇ ਉਹ ਵੀ ਕੋਈ ਜਵਾਬ ਦੇਣ ਤੋਂ ਅਸਮਰਥ ਨਜ਼ਰ ਆ ਰਹੇ ਹਨ | ਇਸ ਨਾਲ ਸ਼ਹਿਰੀ ਕਾਰੋਬਾਰ ਬੁਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਏ ਹਨ | ਉਨ੍ਹਾਂ ਦੱਸਿਆ ਕਿ ਬਿਜਲੀ ਦੇ ਅਜਿਹੇ ਹਾਲਾਤ ਰਹੇ ਤਾਂ ਲੋਕਾਂ ਦਾ ਮੌਜੂਦਾ ਸਰਕਾਰ ਤੋਂ ਵਿਸ਼ਵਾਸ ਉੱਠ ਜਾਵੇਗਾ | ਪਿਛਲੇ ਚਾਰ ਸਾਲ ਬਿਜਲੀ ਵਿਚ ਸੁਧਾਰ ਹੋਇਆ ਸੀ | ਪਰ ਹੁਣ ਬਿਜਲੀ ਕੱਟਾਂ ਨੇ ਰਿਕਾਰਡ ਤੋੜ ਦਿੱਤੇ ਹਨ | ਲੋਕਾਂ ਨੇ ਪਾਵਰਕਾਮ ਪਟਿਆਲਾ ਦੇ ਚੇਅਰਮੈਨ ਪਾਸੋਂ ਮੰਗ ਕੀਤੀ ਕਿ ਬਿਜਲੀ ਵਿਚ ਤੁਰੰਤ ਸੁਧਾਰ ਲਿਆਉਣ ਲਈ ਐਸ.ਈ ਪਾਵਰਕਾਮ ਗੁਰਦਾਸਪੁਰ ਨੰੂ ਹਦਾਇਤਾਂ ਜਾਰੀ ਕੀਤੀਆਂ ਜਾਣ |