ਕਲਾਨੌਰ, 27 ਅਪ੍ਰੈਲ (ਪੁਰੇਵਾਲ)-ਭਾਰਤ ਸਰਕਾਰ ਦੀਆਂ ਹਦਾਇਤਾਂ 'ਤੇ ਹੋਣ ਵਾਲੀ ਮਰਦਮਸ਼ੁਮਾਰੀ ਕਰਨ ਵਾਲੇ ਅਮਲੇ ਨੂੰ ਸਥਾਨਕ ਕਸਬੇ ਦੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਿਖਲਾਈ ਦੇਣ ਲਈ ਪਹਿਲੇ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ | ਤਹਿਸੀਲਦਾਰ ਕਮ ਸੈਂਸਜ਼ ਚਾਰਜ ਅਫਸਰ ਸ੍ਰੀ ਪ੍ਰਵੀਨ ਕੁਮਾਰ ਅਤੇ ਦਫ਼ਤਰ ਕਾਨੂੰਗੋ ਕਮ ਸਹਾਇਕ ਸੈਂਸਜ਼ ਅਫਸਰ ਸ੍ਰੀ ਮਨਦੀਪ ਕੁਮਾਰ ਦੀ ਦੇਖ-ਰੇਖ ਹੇਠ ਇਸ 10 ਦਿਨਾਂ ਸਿਖਲਾਈ ਸੈਸ਼ਨ ਦੇ ਪਹਿਲੇ ਦਿਨ ਮਰਦਮਸ਼ੁਮਾਰੀ ਕਰਨ ਵਾਲੇ ਅਮਲੇ ਨੂੰ ਸਿਖਲਾਈ ਲੈਕਚਰਾਰ ਕੁਲਵਿੰਦਰਪਾਲ ਸਿੰਘ, ਲੈਕ. ਵਿਲਸਨ ਮੱਟੂ, ਲੈਕ. ਸੰਜੀਵ ਕੁਮਾਰ, ਲੈਕ. ਜਤਿੰਦਰ ਕੁਮਾਰ ਵਲੋਂ ਮਰਦਮਸ਼ੁਮਾਰੀ ਲਈ ਨਿਰਧਾਰਿਤ ਐਪ 'ਤੇ ਡਾਟਾ ਅਪਲੋਡ ਕਰਨ ਦੇ ਨੁਕਤੇ ਦੱਸੇ ਗਏ | ਉਨ੍ਹਾਂ ਅਮਲੇ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੇ ਨਿਰਧਾਰਿਤ ਖੇਤਰ 'ਚ ਜਾ ਕੇ ਸਰਕਾਰ ਵਲੋਂ ਤਿਆਰ ਕੀਤੀ ਗਈ ਐਪ ਅਨੁਸਾਰ ਲੋੜੀਂਦਾ ਡਾਟਾ ਪ੍ਰਾਪਤ ਕਰ ਕੇ ਅਪਲੋਡ ਕਰਨ ਨੂੰ ਯਕੀਨੀ ਬਨਾਉਣਗੇ | ਤਹਿਸੀਲਦਾਰ ਸ੍ਰੀ ਪ੍ਰਵੀਨ ਕੁਮਾਰ ਅਤੇ ਦਫ਼ਤਰ ਕਾਨੂੰਗੋ ਸ੍ਰੀ ਮਨਦੀਪ ਕੁਮਾਰ ਨੇ ਦੱਸਿਆ ਕਿ ਕਲਾਨੌਰ ਖੇਤਰ 'ਚ ਮਰਦਮਸ਼ੁਮਾਰੀ 2027 ਨੂੰ ਸੁਚਾਰੂ ਢੰਗ ਨਾਲ ਕਰਨ ਲਈ ਅਮਲੇ ਦੀ ਅੱਜ ਸਿਖਲਾਈ ਸ਼ੁਰੂ ਕੀਤੀ ਗਈ ਹੈ, ਜੋ 10 ਦਿਨ ਜਾਰੀ ਰਹੇਗੀ, ਜਿਸ 'ਚ 2 ਬੈਚ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ 6 ਮਈ ਸਿਖਲਾਈ ਖ਼ਤਮ ਹੋਣ ਤੋਂ ਬਾਅਦ 1 ਤੋਂ 15 ਮਈ ਤੋਂ ਅਮਲਾ ਸੈਲਫ਼ ਐਪ ਰਾਹੀਂ ਆਪਣੀ ਜਾਣਕਾਰੀ ਭਰ ਸਕਦੇ ਹਨ ਅਤੇ 15 ਮਈ ਤੋਂ 13 ਜੂਨ ਤੱਕ ਹਰੇਕ ਘਰ 'ਚ ਜਾ ਕੇ ਗਿਣਤੀਕਾਰ ਘਰਾਂ ਦੀ ਗਿਣਤੀ ਕਰਨਗੇ | ਉਨ੍ਹਾਂ ਅਮਲੇ ਨੂੰ ਹਦਾਇਤ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਹਿੱਤ 'ਚ ਉਹ ਮਰਦਮਸ਼ੁਮਾਰੀ ਦਾ ਦਰੁਸਤ ਡਾਟਾ ਐਪ 'ਤੇ ਅਪਲੋਡ ਕਰਨਾ ਯਕੀਨੀ ਕਰਨ | ਇਸ ਮੌਕੇ ਮਨਜਿੰਦਰ ਸਿੰਘ ਕਲਰਕ, ਸੰਦੀਪ ਮਸੀਹ ਟੈਕਨੀਕਲ ਅਸਿਸਟੈਂਟ ਸੈਂਸਜ ਇੰਚਾਰਜ, ਪਟਵਾਰੀ ਸਤਵਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਹੈਪੀ ਟੀ.ਏ., ਲਖਬੀਰ ਸਿੰਘ ਪਟਵਾਰੀ, ਪਰਮਜੀਤ ਸਿੰਘ ਸੇਵਾਦਾਰ, ਹੀਰਾ ਲਾਲ ਚੌਂਕੀਦਾਰ, ਸੰਨੀ ਮਸੀਹ ਵੀ ਹਾਜ਼ਰ ਰਹੇ |