ਕਲਾਨੌਰ, 27 ਅਪ੍ਰੈਲ (ਪੁਰੇਵਾਲ)-ਨੇੜਲੇ ਪਿੰਡ ਕੋਟ ਮੀਆਂ ਸਾਹਿਬ ਦੇ ਜੰਮਪਲ ਬੀ.ਐਸ.ਐਫ. ਦੇ ਸੇਵਾ ਮੁਕਤ ਜਵਾਨ ਦਲੀਪ ਸਿੰਘ ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਜਿਸ ਦੀਆਂ ਅੰਤਿਮ ਰਸਮਾਂ ਪਿੰਡ 'ਚ ਕੀਤੀਆਂ ਗਈਆਂ | ਇਸ ਦੌਰਾਨ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਮੇਤ ਬੀ.ਐਸ.ਐਫ. ਦੇ ਸੇਵਾਮੁਕਤ ਜਵਾਨਾਂ ਵਲੋਂ ਪਿੰਡ ਕੋਟ ਮੀਆਂ ਸਾਹਿਬ ਪਹੁੰਚ ਕੇ ਦਲੀਪ ਸਿੰਘ ਦੇ ਪੁੱਤਰਾਂ ਨਿਰਮਲ ਸਿੰਘ, ਝਿਰਮਲ ਸਿੰਘ ਅਤੇ ਪਤਨੀ ਕਮਲੇਸ਼ ਕੌਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਜਥੇਦਾਰ ਛੋਟੇਪੁਰ ਨੇ ਕਿਹਾ ਕਿ ਬੀ.ਐਸ.ਐਫ. ਦੇ ਸੇਵਾ ਮੁਕਤ ਜਵਾਨ ਦਲੀਪ ਸਿੰਘ 59 ਬਟਾਲੀਅਨ 'ਚ ਸੇਵਾ ਕਰਦੇ ਸਨ | ਉਨ੍ਹਾਂ ਕਿਹਾ ਕਿ ਵੱਖ-ਵੱਖ ਫੋਰਸਾਂ 'ਚ ਤਾਇਨਾਤ ਹੋ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਬਦੌਲਤ ਹੀ ਦੇਸ਼ ਵਾਸੀ ਚੈਨ ਨਾਲ ਸੌਂਦੇ ਹਨ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਨੂੰ ਮਾਣ-ਸਨਮਾਨ ਤੇ ਬਣਦੀਆਂ ਸਹੂਲਤਾਂ ਦੇਣ | ਉਨ੍ਹਾਂ ਕਿਹਾ ਕਿ ਸੇਵਾ ਮੁਕਤ ਜਵਾਨਾਂ ਨੂੰ ਵੀ ਸੇਵਾ ਮੁਕਤ ਹੋਣ 'ਤੇ ਪਿੰਡਾਂ 'ਚ ਪੂਰਾ ਮਾਣ-ਸਨਮਾਨ ਦਿੱਤਾ ਜਾਣਾ ਚਾਹੀਦਾ ਹੈ | ਜਥੇਦਾਰ ਛੋਟੇਪੁਰ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਸਤੇ ਜਵਾਨ ਕੜਾਕੇ ਦੀ ਗਰਮੀ ਤੇ ਅੱਤ ਦੀ ਠੰਢ 'ਚ ਡਿਊਟੀ ਕਰ ਕੇ ਦੇਸ਼ ਸੇਵਾ ਕਰਦੇ ਹਨ | ਇਸ ਮੌਕੇ ਅਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਗੁਰਦਾਸਪੁਰ, ਸੇਵਾ ਮੁਕਤ ਕੈਪਟਨ ਸੁਖਵਿੰਦਰ ਸਿੰਘ, ਸੂਬੇਦਾਰ ਮੇਜਰ ਸੁਖਦੇਵ ਸਿੰਘ ਬਾਜਵਾ, ਸੇਵਾ ਮੁਕਤ ਡੀ.ਐਸ.ਪੀ. ਬਲਵਿੰਦਰ ਸਿੰਘ, ਕਰਨੈਲ ਸਿੰਘ ਵਲੋਂ ਵੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ |