ਫਤਹਿਗੜ੍ਹ ਚੂੜੀਆਂ, 27 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਅੱਜ ਦੁਪਹਿਰ ਵੇਲੇ ਫਤਹਿਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਸੜਕ ਉੱਪਰ ਪਿੰਡ ਮਾਲੇਵਾਲ ਕੋਲ ਖੇਤਾਂ ਵਿਚ ਸ਼ਰੇਆਮ ਲਗਾਈ ਗਈ ਭਿਆਨਕ ਅੱਗ ਨਾਲ ਜਿੱਥੇ ਸੈਂਕੜੇ ਦਰੱਖਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਉਥੇ ਫੈਲੇ ਹੋਏ ਸੰਘਣੇ ਧੂਏ ਕਾਰਨ ਲੰਮਾ ਸਮਾਂ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਰਹੀ | ਅੱਗ ਦੀਆਂ ਲਪਟਾਂ ਏਨੀਆਂ ਭਿਆਨਕ ਸਨ ਕਿ ਵੱਡੀ ਆਵਾਜਾਈ ਵਾਲੀ ਇਸ ਸੜਕ ਦੇ ਵਿਚਕਾਰ ਤੱਕ ਫੈਲੀਆਂ ਹੋਈਆਂ ਸਨ | ਇਸ ਮੌਕੇ ਦੋਹਾਂ ਪਾਸਿਆਂ ਤੋਂ ਆਉਣ ਵਾਲੇ ਵਹੀਕਲ ਆਪਣਾ-ਆਪ ਬਚਾਉਂਦੇ ਹੋਏ ਲੰਮਾ ਸਮਾਂ ਪਿੱਛੇ ਖੜੇ ਰਹੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਜਾਵੇ | ਬੇਸ਼ੱਕ ਇਥੇ ਲੰਮਾ ਸਮਾਂ ਧੂਆਂ ਤੇ ਅੱਗ ਮਚਦੀ ਰਹੀ, ਪਰ ਸੰਬੰਧਤ ਵਿਭਾਗ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਾ | ਇਸ ਮੌਕੇ ਰਾਹਗੀਰ, ਸੜਕ ਕਿਨਾਰੇ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਅਤੇ ਸਰਕਾਰ ਵਲੋਂ ਵਿਖਾਈ ਜਾ ਰਹੀ ਅਣਗਹਿਲੀ ਨੂੰ ਕੋਸਦੇ ਨਜ਼ਰ ਆਏ | ਹਾਜ਼ਰ ਲੋਕਾਂ ਨੇ ਕਿਹਾ ਕਿ ਬੇਸ਼ੱਕ ਹਾਲੇ ਤੱਕ ਇੱਥੇ ਅੱਗ ਲਗਾਏ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ | ਪਰ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਹਰਕਤ ਨੂੰ ਡੂੰਘਾਈ ਵਿਚ ਲੈ ਕੇ ਜ਼ਿੰਮੇਵਾਰ ਵਿਅਕਤੀਆਂ ਉੱਪਰ ਬਣਦੀ ਕਾਰਵਾਈ ਕਰੇ, ਨਹੀਂ ਤਾਂ ਪ੍ਰਸ਼ਾਸਨ ਉੱਪਰੋਂ ਵਿਸ਼ਵਾਸ ਉੱਠ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਵਾਰ ਨਾੜ ਸਾੜਨ ਦੇ ਖਿਲਾਫ਼ ਖਾਨਾ ਪੂਰਤੀ ਕਰਨ ਲਈ ਬਿਆਨਬਾਜ਼ੀ ਛੱਡੀ ਜਾਂਦੀ ਹੈ, ਪਰ ਜ਼ਮੀਨੀ ਪੱਧਰ 'ਤੇ ਕੋਈ ਵੀ ਅਮਲ ਨਹੀਂ ਕੀਤਾ ਜਾਂਦਾ |