ਬਟਾਲਾ, 27 ਅਪ੍ਰੈਲ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਦੇ ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਦੀ ਨਿਰਦੇਸ਼ਾਂ ਅਨੁਸਾਰ ਅਤੇ ਸਿਮਰਨਜੀਤ ਕੌਰ (ਐੱਨ.ਸੀ.ਸੀ. ਕੇਅਰਟੇਕਰ) ਦੀ ਯੋਗ ਅਗਵਾਈ ਹੇਠ ਅੱੈਨ.ਸੀ.ਸੀ. ਕੈਡਿਟਾਂ ਨੇ ਬੀਤੇ ਦਿਨੀਂ ਆਈ.ਟੀ.ਆਈ. ਕਾਲਜ ਰਾਮ ਤੀਰਥ ਰੋਡ ਅੰਮਿ੍ਤਸਰ ਵਿਖੇ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਵਿਚ ਭਾਗ ਲਿਆ | ਇਸ ਕੈਂਪ ਵਿਚ ਵੱਖ-ਵੱਖ ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੇ ਕੈਡਿਟਾਂ ਨੇ ਹਿੱਸਾ ਲਿਆ | ਕੈਂਪ ਦੌਰਾਨ ਕੈਡਿਟਾਂ ਨੇ ਡਰਿਲ ਅਭਿਆਸ, ਹਥਿਆਰ ਸਿਖਲਾਈ, ਸਰੀਰਕ ਤੰਦਰੁਸਤੀ ਅਭਿਆਸ ਅਤੇ ਸ਼ਖਸੀਅਤ ਵਿਕਾਸ ਗਤੀਵਿਧੀਆਂ ਸ਼ਾਮਲ ਸਨ | ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਦੱਸਿਆ ਕਿ ਸਾਨੀਆ ਅਤੇ ਮਹਿਕ ਮਹਿਤਾ ਨੂੰ ਸਰਵੋਤਮ ਕੈਡਿਟ, ਅਰਸ਼ਦੀਪ ਕੌਰ ਨੂੰ ਗਾਇਕੀ, ਸੁਮਨਪ੍ਰੀਤ ਨੂੰ ਡਰਿਲ, ਸਾਨੀਆ ਤੇ ਸੁਮਨਪ੍ਰੀਤ ਨੂੰ ਮੈਪ ਰੀਡਿੰਗ ਲਈ, ਲਕਸ਼ਮੀ ਦੇਵੀ ਨੂੰ ਰੁਕਾਵਟ ਸਿਖਲਾਈ ਲਈ, ਰੇਬਿਕਾ ਤੇ ਸ਼ਿਖਾ ਨੂੰ ਫਾਇਰਿੰਗ, ਮਹਿਕ ਮਹਿਤਾ ਨੂੰ ਸਿਹਤ ਤੇ ਸਫ਼ਾਈ ਲਈ ਚੁਣਿਆ ਗਿਆ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਸ਼੍ਰੀਮਤੀ ਸਿਮਰਨਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਕਮਾਂਡਿੰਗ ਅਫ਼ਸਰਾਂ ਅਤੇ ਸਿਖਲਾਈ ਸਟਾਫ਼ ਨੇ ਕੈਡਿਟਾਂ ਦੀ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਵਚਨਬੱਧਤਾ ਲਈ ਸ਼ਾਲਾਘਾ ਕੀਤੀ |