ਗੁਰਦਾਸਪੁਰ, 2 ਮਈ (ਚੱਕਰਾਜਾ)-ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੱਖ ਵੱਖ ਪੋ੍ਰਗਰਾਮ ਉਲੀਕੇ ਜਾਂਦੇ ਹਨ | ਜਿਸ ਤਹਿਤ ਪੂਰੇ ਪੰਜਾਬ 'ਚ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਅਪਣਾਉਣ ਲਈ ਬਿਜ਼ਨਸ ਬਲਾਸਟਰ ਪੋ੍ਰਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ | ਜ਼ਿਲ੍ਹਾ ਸਿੱਖਿਆ ਅਫਸਰ (ਸੈ:) ਪਰਮਜੀਤ ਤੇ ਜ਼ਿਲ੍ਹਾ ਨੋਡਲ ਅਫਸਰ ਬਿਜ਼ਨਸ ਬਲਾਸਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਮੁਤਾਬਿਕ ਜ਼ਿਲੇ੍ਹ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬਿਜ਼ਨਸ ਬਲਾਸਟਰ ਮੇਲੇ ਦਾ ਆਯੋਜਨ ਕੀਤਾ ਗਿਆ ਹੈ | ਜਿਸ ਅਧੀਨ ਦੋ ਫ਼ੇਜ਼ ਹਨ, ਪਹਿਲਾ ਪ੍ਰੀਸੀਡ ਮਨੀ ਫ਼ੇਜ਼ ਅਤੇ ਦੂਸਰਾ ਪੋਸਟ ਸੀਡ ਮਨੀ ਫ਼ੇਜ਼ | ਪਹਿਲੇ ਫ਼ੇਜ਼ ਵਿਚ ਵਿਦਿਆਰਥੀਆਂ ਨੂੰ ਟੀਮ ਵਰਕ ਤਹਿਤ ਆਪਣੇ ਮਨਪਸੰਦੀ ਦੇ ਕਾਰੋਬਾਰ ਦੀ ਚੋਣ ਕਰਨੀ ਹੁੰਦੀ ਹੈ ਅਤੇ ਵਿਦਿਆਰਥੀਆਂ ਵਲੋਂ ਰੁਚੀ ਮੁਤਾਬਿਕ ਮਾਰਕੀਟ ਵਿਚ ਜਾ ਕੇ ਜਾਣਕਾਰੀ ਇਕੱਠੀ ਕਰਨੀ ਹੁੰਦੀ ਹੈ ਤਾਂ ਜੋ ਉਨ੍ਹਾਂ ਨੰੂ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਿਜ਼ਨਸ ਦੇ ਪਾਜ਼ੀਟਿਵ ਤੇ ਨੈਗੇਟਿਵ ਪੱਖਾਂ ਬਾਰੇ ਜਾਣਕਾਰੀ ਮਿਲ ਸਕੇ | ਇਸ ਪ੍ਰਾਜੈਕਟ ਤਹਿਤ ਜ਼ਿਲੇ੍ਹ ਦੇ ਸਮੂਹ 117 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਵਰ ਕੀਤਾ ਗਿਆ ਹੈ ਅਤੇ 6 ਵਿਦਿਆਰਥੀਆਂ ਦੀ ਟੀਮ ਆਪਸ ਵਿਚ ਮਿਲ ਕੇ ਕੰਮ ਕਰਦੀ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਸ ਕੰਮ ਨੰੂ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਤੀ ਵਿਦਿਆਰਥੀ 1000 ਰੁਪਏ ਦੇ ਹਿਸਾਬ ਨਾਲ ਸੀਡ ਮਨੀ ਦੀ ਰਾਸ਼ੀ ਕੀਤੀ ਜਾਂਦੀ ਹੈ, ਜਿਸ ਤਹਿਤ ਪਹਿਲੀ ਕਿਸ਼ਤ ਦੌਰਾਨ 9322 ਵਿਦਿਆਰਥੀਆਂ ਨੂੰ 9322422/- ਦੀ ਰਾਸ਼ੀ ਜਾਰੀ ਕਰ ਦਿੱਤੀ ਹੈ | ਹੁਣ ਉਨ੍ਹਾਂ ਵਲੋਂ ਇਸ ਸੀਡ ਮਨੀ ਦੀ ਵਰਤੋਂ ਕਰਦੇ ਹੋਏ ਆਪਣੇ ਆਪਣੇ ਸਕੂਲਾਂ 'ਚ ਬਿਜ਼ਨਸ ਬਲਾਸਟਰ ਮੇਲਾ ਲਗਾਇਆ ਗਿਆ | ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਅਤੇ ਜ਼ੋਨਲ ਕੋਆਰਡੀਨੇਟਰ ਆਕਾਸ਼ ਵਲੋਂ ਸ.ਸ.ਸ.ਸ ਕਾਲਾ ਨੰਗਲ ਅਤੇ ਸ.ਸ.ਸ.ਸ ਜੌੜਾ ਛੱਤਰਾਂ ਆਦਿ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਵਲੋਂ ਖਾਣ ਪੀਣ ਦੇ ਸਟਾਲ, ਘਰੇਲੂ ਵਰਤੋਂ ਦੀਆਂ ਆਈਟਮਾਂ ਅਤੇ ਹੱਥੀ ਤਿਆਰ ਕੀਤੀਆਂ ਵਸਤੂਆਂ ਦੀਆਂ ਪ੍ਰਦਰਸ਼ਨੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਸਮਾਨ ਨੂੰ ਖੁਦ ਵੇਚ ਕੇ ਬਣਦਾ ਲਾਭ ਆਪਸ ਵਿਚ ਵੰਡਣ ਨਾਲ ਆਤਮ ਨਿਰਭਰਤਾ ਵਾਲਾ ਗੁਣ ਪੈਦਾ ਹੋਵੇਗਾ | ਇਸ ਤਰ੍ਹਾਂ ਉਨ੍ਹਾਂ ਵਿਚ ਬਿਜ਼ਨਸ ਕਰਨ ਦੀ ਲਗਨ ਪੈਦਾ ਹੋਵੇਗੀ ਅਤੇ ਉਹ ਭਵਿੱਖ ਵਿਚ ਕੋਈ ਵੀ ਬਿਜ਼ਨਸ ਕਰਨ ਲਈ ਗੁਰੇਜ਼ ਨਹੀਂ ਕਰਨਗੇ | ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੌਕਰੀਆਂ ਦਾ ਇੰਤਜ਼ਾਰ ਕਰਨ ਦੀ ਬਜਾਏ ਬਿਜ਼ਨਸ ਨੂੰ ਅਪਣਾਉਣਾ ਹੋਵੇਗਾ ਅਤੇ ਇਸ ਨਾਲ ਉਨ੍ਹਾਂ ਦਾ ਮੰਤਵ ਜਾਬ ਸੀਕਰ ਨਹੀਂ, ਬਲਕਿ ਉਦਯੋਗਪਤੀ ਬਣਨਾ ਹੈ |