ਘਰੋਟਾ, 2 ਮਈ (ਸੰਜੀਵ ਗੁਪਤਾ)-ਬਲਾਕ ਘਰੋਟਾ ਦੇ ਪਿੰਡ ਫਰੀਦਾਨਗਰ ਵਿਚ 10 ਲੱਖ ਦੀ ਲਾਗਤ ਨਾਲ ਤਿਆਰ ਨਵੇਂ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਕੀਤਾ ਗਿਆ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਸਰਪੰਚ ਬਲਜੀਤ ਕੌਰ ਨੇ ਕੀਤੀ | ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਪਵਨ ਭਾਰਦਵਾਜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਬਲਬੀਰ ਸਿੰਘ ਅਤੇ ਪੀ.ਏ. ਸੰਦੀਪ ਕੁਮਾਰ ਹਾਜ਼ਰ ਸਨ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਵੱਲ ਖ਼ਾਸ ਧਿਆਨ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਫਰੀਦਾਨਗਰ ਵਿਚ ਪਹਿਲਾਂ ਆਂਗਣਵਾੜੀ ਸੈਂਟਰ ਲਈ ਪੱਕੀ ਇਮਾਰਤ ਨਾ ਹੋਣ ਕਾਰਨ ਬੱਚਿਆਂ ਨੂੰ ਜੰਝ ਘਰ ਵਿਚ ਕਲਾਸਾਂ ਲਗਾ ਕੇ ਪੜ੍ਹਨਾ ਪੈਂਦਾ ਸੀ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਫਰੀਦਾਨਗਰ ਤੋਂ ਕਾਨਵਾਂ ਤੱਕ ਸੜਕ ਨੂੰ ਅਪਗ੍ਰੇਡ ਕਰਕੇ ਦਰਜਨਾਂ ਪਿੰਡਾਂ ਨੂੰ ਆਵਾਜਾਈ ਦੀ ਸਹੂਲਤ ਦਿੱਤੀ ਗਈ ਹੈ | ਇਸੇ ਤਰ੍ਹਾਂ ਭੀਮਪੁਰ-ਸਰਨਾ ਸੜਕ 'ਤੇ ਵੀ ਕੰਮ ਜਾਰੀ ਹੈ | ਉਨ੍ਹਾਂ ਕਿਹਾ ਕਿ ਫਰੀਦਾਨਗਰ ਤੋਂ ਝਾਖੋ ਲਾਹੜੀ ਰੋਡ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਨਹਿਰ ਕੰਢੇ ਨਾਨਕ ਬਗੀਚੀ ਦਾ ਨਿਰਮਾਣ ਕਰਵਾਇਆ ਗਿਆ ਹੈ | ਇਸ ਦੌਰਾਨ ਸਰਪੰਚ ਬਲਜੀਤ ਕੌਰ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਤੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਗੁਰਮੁਖ ਸਿੰਘ, ਜੋਗਿੰਦਰ ਸਿੰਘ, ਬਲਬੀਰ ਕੁਮਾਰ, ਸਲਵਿੰਦਰ ਕੌਰ, ਮੀਨਾ ਕੁਮਾਰੀ, ਕੁਲਜੀਤ ਸਿੰਘ, ਦਲਜੀਤ ਸਿੰਘ ਹਾਜ਼ਰ ਸਨ |