ਪਠਾਨਕੋਟ, 2 ਮਈ (ਸੰਧੂ)-ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਓਲਡ ਖ਼ਜ਼ਾਨਾ ਦਫ਼ਤਰ ਸਥਿਤ ਦਫ਼ਤਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਕੇਦਾਰਨਾਥ ਸੈਨੀ ਨੇ ਕੀਤੀ | ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਰਿਟਾਇਰਡ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਜਿਤਾਇਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਸਰਕਾਰ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪੈਨਸ਼ਨਰਾਂ ਨਾਲ ਜੁੜੇ ਫ਼ੈਸਲੇ ਲਾਗੂ ਕਰਨ ਵਿਚ ਦੇਰੀ ਕਰ ਰਹੀ ਹੈ | ਮਾਸਟਰ ਸ਼ੇਰ ਸਿੰਘ ਅਤੇ ਕੇਦਾਰ ਨਾਥ ਸੈਣੀ ਨੇ ਕਿਹਾ ਕਿ ਸਰਕਾਰ ਤੁਰੰਤ ਅਦਾਲਤੀ ਹੁਕਮ ਲਾਗੂ ਕਰੇ ਅਤੇ ਪੈਨਸ਼ਨਰਾਂ ਨਾਲ ਹੋ ਰਹੀ ਅਣਦੇਖੀ ਨੂੰ ਰੋਕੇ | ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ 18 ਫ਼ੀਸਦੀ ਡੀ.ਏ. (ਮਹਿੰਗਾਈ ਭੱਤਾ) ਬਕਾਇਆ ਜਲਦੀ ਜਾਰੀ ਕੀਤਾ ਜਾਵੇ | ਇਸ ਦੇ ਨਾਲ ਹੀ 2016 ਤੋਂ 2021 ਤੱਕ ਦੇ ਪੇ ਕਮਿਸ਼ਨ ਅਧੀਨ ਬਣਦਾ ਏਰੀਅਰ ਵੀ ਇਕ ਮੁਸ਼ਤ ਕਿਸ਼ਤ ਵਿਚ ਦਿੱਤਾ ਜਾਵੇ | ਪੈਨਸ਼ਨਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਇਸ ਮੌਕੇ ਰਾਜਪਾਲ, ਹਰਿਕਿ੍ਸ਼ਨ, ਰਣਜੀਤ ਸਿੰਘ, ਵਿਜੇ ਸਿੰਘ, ਅਸ਼ਵਨੀ ਕੁਮਾਰ, ਦਾਨਾ ਰਾਮ, ਰਵਿੰਦਰ ਤਿਵਾਰੀ, ਬੈਜਨਾਥ, ਮਨਮੋਹਨ, ਸ਼ਿਆਮ ਸਿੰਘ, ਸਵਰਨ ਸਿੰਘ, ਕੰਸਰਾਜ, ਅਮਰਜੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ |