ਗੁਰਦਾਸਪੁਰ, 3 ਮਈ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਨਵਾਂ ਨੌਸ਼ਹਿਰਾ 'ਚ ਗਲੀ ਦੇ ਗੰਦ ਨੰੂ ਲੈ ਕੇ ਮਾਮੂਲੀ ਜਿਹੇ ਤਕਰਾਰ ਦੌਰਾਨ ਇਕ ਫਿਰਕੇ ਦੇ ਲੋਕਾਂ ਨੇ ਬੀਤੀ ਰਾਤ 9:15 ਵਜੇ ਦੇ ਕਰੀਬ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਇਕ ਔਰਤ ਸਮੇਤ ਦੋ ਵਿਅਕਤੀਆਂ ਨੰੂ ਗੰਭੀਰ ਰੂਪ ਵਿਚ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਦਿੰਦੇ ਹੋਏ ਨੀਰਜ ਸ਼ਰਮਾ ਪੁੱਤਰ ਫਕੀਰ ਚੰਦ ਵਾਸੀ ਨਵਾਂ ਨੌਸ਼ਹਿਰਾ ਨੇ ਦੱਸਿਆ ਕਿ ਰਿੰਪੀ ਪਤਨੀ ਅਜੇ ਮਸੀਹ ਉਰਫ਼ ਦੌਲਤ ਤੇ ਕਲਾਸ਼ੋ ਨੇ ਗਲੀ ਦੇ ਗੰਦ ਨੰੂ ਲੈ ਕੇ ਰਾਤ ਪਰਿਵਾਰ ਨਾਲ ਝਗੜਾ ਕੀਤਾ ਅਤੇ ਰਾਤ ਵੇਲੇ ਇਨ੍ਹਾਂ ਨੇ 10 ਦੇ ਕਰੀਬ ਅਣਪਛਾਤੇ ਵਿਅਕਤੀ ਪਿੰਡ ਪੁਰਾਣਾ ਸ਼ਾਲਾ ਤੋਂ ਮੰਗਵਾ ਕੇ ਪੀੜਤ ਪਰਿਵਾਰ ਦੇ ਘਰ ਹਮਲਾ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਦੇ ਨਾਲ ਘਰ ਦਾ ਦਰਵਾਜ਼ਾ ਖੁੱਲ੍ਹਵਾ ਕੇ ਸਿੱਧੇ ਤੌਰ 'ਤੇ ਤੇਜ਼ ਹਥਿਆਰਾਂ ਨਾਲ ਅੰਕੁਸ਼ ਸ਼ਰਮਾ, ਮੋਹਿਤ ਸ਼ਰਮਾ ਤੇ ਜੋਤੀ ਬਾਲਾ ਦੇ ਦਾਤਰ ਤੇ ਕ੍ਰਿਪਾਨਾਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਉਨ੍ਹਾਂ ਦੱਸਿਆ ਕਿ 3 ਜਣੇ ਲਹੂ ਲੁਹਾਣ ਹੋਏ ਪਏ ਸਨ, ਜਿਨ੍ਹਾਂ ਨੰੂ ਪਰਿਵਾਰਕ ਮੈਂਬਰਾਂ ਤੇ ਮੁਹੱਲੇ ਦੇ ਲੋਕਾਂ ਨੇ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹਨ | ਜਦੋਂ ਇਸ ਮਾਮਲੇ ਸਬੰਧੀ ਏ.ਐਸ.ਆਈ. ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ 10 ਦੇ ਕਰੀਬ ਹਥਿਆਰਬੰਦ ਵਿਅਕਤੀ ਆਏ ਸਨ | ਜਿਨ੍ਹਾਂ 'ਚੋਂ ਪੰਜ ਵਿਅਕਤੀਆਂ ਦੀ ਪਹਿਚਾਣ ਕਰ ਲਈ ਹੈ, ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਪੰਜ ਅਣਪਛਾਤੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ | ਨੀਰਜ ਸ਼ਰਮਾ ਨੇ ਐਸ.ਐਸ.ਪੀ. ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਧਰਾਵਾਂ ਲਗਾ ਕੇ ਪੀੜਤ ਪਰਿਵਾਰ ਨੰੂ ਇਨਸਾਫ਼ ਦੁਆਇਆ ਜਾਵੇ | ਏ.ਐਸ.ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਨੰੂ ਫੜਨ ਵਾਸਤੇ ਉਨ੍ਹਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਉਨ੍ਹਾਂ ਨੰੂ ਗਿ੍ਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ |