28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਿੰਡਾਂ ਤੇ ਸ਼ਹਿਰਾਂ 'ਚ ਛੋਟੇ ਪਿਕਅਪ ਵਾਹਨਾਂ ਵਲੋਂ ਟਰੈਫ਼ਿਕ ਨਿਯਮਾਂ ਦੀ ਕੀਤੀ ਜਾ ਰਹੀ ਸ਼ਰੇਆਮ ਉਲੰਘਣਾ

Ad Position 21
No active advertisement
ਅਜੀਤ ਡੈਸਕ 04-05-2026
ਤਿੱਬੜ, 3 ਮਈ (ਭੁਪਿੰਦਰ ਸਿੰਘ ਬੋਪਾਰਾਏ)-ਓਵਰਲੋਡ ਛੋਟੇ ਵਪਾਰਕ ਪਿਕਅਪ ਵਾਹਨ ਪੇਂਡੂ ਤੇ ਸ਼ਹਿਰੀ ਸੜਕਾਂ 'ਤੇ ਟਰੈਫ਼ਿਕ ਨਿਯਮਾਂ ਦੀ ਖੁੱਲੇ੍ਹਆਮ ਉਲੰਘਣਾ ਕਰਦੇ ਹੋਏ ਨਜ਼ਰ ਆਉਂਦੇ ਹਨ ਜੋ ਰੋਜ਼ਾਨਾ ਸੈਂਕੜੇ ਜ਼ਿੰਦਗੀਆਂ ਨੰੂ ਖਤਰੇ 'ਚ ਪਾ ਰਹੇ ਹਨ | ਇਸ ਵਿਚ ਛੋਟੇ ਵਪਾਰਕ ਪਿਕਅਪ ਵਾਹਨ ਨਿਰਧਾਰਿਤ ਸਮਰੱਥਾ ਤੋਂ ਕਿਤੇ ਵੱਧ ਸਮਾਨ ਢੋਹ ਕੇ ਮੋਟਰ ਵਾਹਨ ਐਕਟ ਦੀ ਸ਼ਰੇਆਮ ਉਲੰਘਣਾ ਕਰਦੇ ਹਨ ਤੇ ਹਜ਼ਾਰਾਂ ਸਵਾਰੀਆਂ, ਕਿਸਾਨਾਂ, ਪੈਦਲ ਚੱਲਣ ਵਾਲਿਆਂ, ਸੜਕ ਕਿਨਾਰੇ ਰਹਿਣ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਨੰੂ ਰੋਜ਼ਾਨਾ ਖਤਰੇ 'ਚ ਪਾ ਰਹੇ ਹਨ | ਛੋਟੇ ਪਿਕਅਪ ਵਾਹਨ ਜੋ ਸਿਰਫ਼ ਇਕ ਨਿਰਧਾਰਿਤ ਭਾਰ ਚੁੱਕਣ ਲਈ ਬਣਾਏ ਤੇ ਮਨਜ਼ੂਰ ਕੀਤੇ ਗਏ ਹਨ, ਉਨ੍ਹਾਂ 'ਤੇ ਖੇਤੀਬਾੜੀ ਉਪਜ, ਕਬਾੜ, ਉਸਾਰੀ ਸਮੱਗਰੀ, ਕੱਪੜਾ ਉਦਯੋਗ ਦਾ ਮਾਲ ਅਤੇ ਹੋਰ ਭਾਰੀ ਵਸਤਾਂ ਉਨ੍ਹਾਂ ਦੀ ਅਸਲ ਸਮਰੱਥਾ ਤੋਂ ਕਈ ਗੁਣਾ ਵੱਧ ਮਾਤਰਾ 'ਚ ਲੱਦੀਆਂ ਜਾ ਰਹੀਆਂ ਹਨ | ਕਈ ਮਾਮਲਿਆਂ ਵਿਚ ਸਮਾਨ ਵਾਹਨ ਦੀ ਛੱਤ ਤੋਂ ਕਈ ਗੁਣਾ ਉੱਚਾ ਲੱਦਿਆ ਜਾਂਦਾ ਹੈ, ਜਿਸ ਨਾਲ ਪੂਰਾ ਵਾਹਨ ਅਸੰਤੁਲਿਤ ਹੋ ਜਾਂਦਾ ਹੈ ਅਤੇ ਕਿਸੇ ਵੀ ਸਮੇਂ ਸੜਕ 'ਤੇ ਚੱਲਣ ਵਾਲੇ ਦੂਸਰੇ ਉਪਭੋਗਤਾਵਾਂ ਉੱਪਰ ਡਿੱਗ ਸਕਦਾ ਹੈ | ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਓਵਰਲੋਡ ਪਿਕਅਪ ਵਾਹਨ ਰੋਜ਼ਾਨਾ ਦੀ ਰੁਟੀਨ ਬਣ ਚੁੱਕੇ ਹਨ ਤੇ ਸੜਕਾਂ 'ਤੇ ਟਰੈਫ਼ਿਕ ਪੁਲਿਸ ਦੀ ਮੌਜੂਦਗੀ ਬੇਹੱਦ ਘੱਟ ਹੁੰਦੀ ਹੈ, ਜਿਸ ਦਾ ਫ਼ਾਇਦਾ ਇਨ੍ਹਾਂ ਵਲੋਂ ਉਠਾਇਆ ਜਾਂਦਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਾਹਨ ਚਾਲਕ ਪੁਲਿਸ ਗਸ਼ਤ ਸਮੇਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਤੇ ਜਾਣਬੁੱਝ ਕੇ ਉਸ ਸਮੇਂ ਆਪਣੀ ਯਾਤਰਾ ਕਰਦੇ ਹਨ, ਜਦੋਂ ਕੋਈ ਚੈਕਿੰਗ ਨਹੀਂ ਹੁੰਦੀ | ਗੁਰਦਾਸਪੁਰ ਜ਼ਿਲ੍ਹੇ ਦੀਆਂ ਪੇਂਡੂ ਸੜਕਾਂ 'ਤੇ ਓਵਰਲੋਡ ਪਿਕਅਪ ਨਾਲ ਸਬੰਧਿਤ ਕਈ ਖ਼ਤਰਨਾਕ ਘਟਨਾਵਾਂ ਪਹਿਲਾਂ ਹੀ ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ ਸਥਾਨਕ ਲੋਕ ਡਰਦੇ ਹਨ ਕਿ ਜੇਕਰ ਅਧਿਕਾਰੀਆਂ ਨੇ ਤੁਰੰਤ ਕਦਮ ਨਾ ਚੁੱਕੇ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਕਾਨੰੂਨੀ ਨਜ਼ਰੀਏ ਤੋਂ ਗੱਲ ਕਰਨ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਮਨਬੀਰ ਸਿੰਘ ਬਸਰਾ ਨੇ ਦੱਸਿਆ ਕਿ ਸਾਰੇ ਓਵਰਲੋਡ ਪਿਕਅਪ ਵਾਹਨ ਕੋਈ ਗੰਭੀਰ ਅਪਰਾਧ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਨੰੂਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ | ਸ. ਬਸਰਾ ਨੇ ਕਿਹਾ ਕਿ ਮੋਟਰ ਵਾਹਨ ਐਕਟ ਤੇ ਪੰਜਾਬ ਮੋਟਰ ਵਾਹਨ ਨਿਯਮਾਂ ਅਧੀਨ ਵਪਾਰਕ ਵਾਹਨਾਂ ਨੰੂ ਉਨ੍ਹਾਂ ਦੇ ਰਜਿਸਟਰਡ ਕੁੱਲ ਵਾਹਨ ਭਾਰਤ ਤੋਂ ਵੱਧ ਭਾਰ ਚੁੱਕਣ ਦੀ ਇਜਾਜ਼ਤ ਨਹੀਂ ਹੈ | ਸਮਾਨ ਦੀ ਉਚਾਈ, ਚੌੜਾਈ ਤੇ ਲੰਬਾਈ ਵੀ ਨਿਰਧਾਰਿਤ ਸੀਮਾਵਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਸਮਾਨ ਨੰੂ ਢੁੱਕਵੇਂ ਤੇ ਸਹੀ ਤਰੀਕੇ ਨਾਲ ਸੁਰੱਖਿਅਤ ਢੰਗ ਨਾਲ ਬੰਨਿ੍ਹਆ ਜਾਣਾ ਚਾਹੀਦਾ ਹੈ | ਇਨ੍ਹਾਂ 'ਚੋਂ ਕਿਸੇ ਵੀ ਨਿਯਮਾਂ ਦੀ ਉਲੰਘਣਾ 'ਤੇ ਭਾਰੀ ਜੁਰਮਾਨਾ, ਡਰਾਈਵਿੰਗ ਲਾਇਸੈਂਸ ਮੁਅੱਤਲ ਜਾਂ ਰੱਦ ਕਰਨ ਅਤੇ ਵਾਹਨ ਜ਼ਬਤ ਕਰਨ ਦੀ ਵਿਵਸਥਾ ਹੈ | ਜੇਕਰ ਅਜਿਹੀ ਲਾਪਰਵਾਹੀ ਕਾਰਨ ਕੋਈ ਹਾਦਸਾ ਵਾਪਰਦਾ ਹੈ ਤਾਂ ਵਾਹਨ ਮਾਲਕ ਤੇ ਡਰਾਈਵਰ ਵਿਰੁੱਧ ਫ਼ੌਜਦਾਰੀ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵਲੋਂ 'ਇਕ ਚੰਗੀ ਆਦਤ-ਪਲਾਸਟਿਕ ਪ੍ਰਦੂਸ਼ਣ 'ਤੇ ਪ੍ਰਹਾਰ' ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਮਾਨ ਸਰਕਾਰ ਨੇ ਆਪਣੇ 4 ਸਾਲ ਰਾਜ ਦੌਰਾਨ ਸਾਰੇ ਵਾਅਦੇ ਕੀਤੇ ਪੂਰੇ- ਹਲਕਾ ਇੰਚਾਰਜ ਪੰਨੂੰ
Ad Position 24