ਗੁਰਦਾਸਪੁਰ, 3 ਮਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਸੜਕਾਂ ਨੰੂ ਮਜ਼ਬੂਤ ਤੇ ਉਨ੍ਹਾਂ ਦੀ ਚੌੜਾਈ ਵਧਾਉਣ ਦੇ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਦੂਜੇ ਪਾਸੇ ਸੜਕਾਂ ਦੇ ਕੰਢੇ ਪਏ ਬਰਮਾਂ ਨੰੂ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਮਿਲਾ ਲਿਆ ਹੋਇਆ ਹੈ ਤੇ ਪੱਟੜੀਆਂ ਘੱਟ ਜਾਣ ਨਾਲ ਰਾਹੇ ਬਗਾਹੇ ਸੜਕੀ ਦੁਰਘਟਨਾਵਾਂ 'ਚ ਵਾਧਾ ਹੋ ਰਿਹਾ ਹੈ | ਸੀਨੀਅਰ ਅਕਾਲੀ ਆਗੂ ਬਚਿੱਤਰ ਸਿੰਘ, ਤਰਸੇਮ ਸਿੰਘ ਚੰਦਰਭਾਨ ਤੇ ਗੁਰਮੇਜ ਸਿੰਘ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿੰਡਾਂ ਤੇ ਕਸਬਿਆਂ ਦੀਆਂ ਸੜਕਾਂ ਦੀ ਮੁਰੰਮਤ ਹੋ ਰਹੀ ਹੈ ਤੇ ਪਹਿਲਾਂ ਸੜਕਾਂ ਕੰਢੇ ਬਰਮਾਂ ਤਿੰਨ ਤੋਂ ਚਾਰ ਫੁੱਟ ਹੁੰਦੇ ਸਨ, ਹੁਣ ਬਰਮ ਬਿਲਕੁਲ ਖ਼ਤਮ ਹੋ ਗਏ ਹਨ | ਜਿਨ੍ਹਾਂ ਕਿਸਾਨਾਂ ਦੀ ਸੜਕ ਕੰਢੇ ਜ਼ਮੀਨ ਲੱਗਦੀ ਹੈ, ਉਨ੍ਹਾਂ ਸਰਕਾਰੀ ਜ਼ਮੀਨ ਨੰੂ ਆਪਣੀ ਜ਼ਮੀਨ ਨਾਲ ਮਿਲਾ ਲਿਆ ਹੈ | ਜਿਸ ਕਰਕੇ ਬਰਮ ਖ਼ਤਮ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗਾਂ ਦੀ ਇੰਨ੍ਹੀ ਲਾਪ੍ਰਵਾਹੀ ਹੈ ਕਿ ਉਹ ਸੜਕਾਂ ਦੀ ਨਿਸ਼ਾਨਦੇਹੀ ਲੈਣ ਤੋਂ ਵੀ ਗੁਰੇਜ ਕਰਦੇ ਹਨ | ਇਸ ਸਰਕਾਰੀ ਜਾਇਦਾਦ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਸੜਕਾਂ ਦੀ ਚੌੜਾਈ ਤੇ ਮਜ਼ਬੂਤ ਬਣ ਰਹੀ ਹੈ, ਉਨ੍ਹਾਂ ਕੰਢੇ ਬਰਮਾਂ ਦੀ ਚੌੜਾਈ ਕਰਨ ਲਈ ਸਬੰਧਿਤ ਵਿਭਾਗ ਨੰੂ ਵਿਸ਼ੇਸ਼ ਮੁਹਿੰਮ ਚਲਾਉਣ ਦੀ ਲੋੜ ਹੈ | ਜਿਸ ਨਾਲ ਸੜਕੀ ਹਾਦਸਿਆਂ 'ਚ ਰੁਕਾਵਟ ਆ ਸਕੇ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਪਿੰਡਾਂ ਤੇ ਕਸਬਿਆਂ ਅੰਦਰ ਸੜਕਾਂ ਦੇ ਬਰਮਾਂ ਦੀ ਨਿਸ਼ਾਨਦੇਹੀ ਕਰਵਾ ਕੇ ਬਰਮਾਂ ਦੀ ਚੌੜਾਈ ਵਧਾਉਣ ਲਈ ਲੋਕ ਨਿਰਮਾਣ ਵਿਭਾਗ ਤੇ ਮੰਡੀ ਬੋਰਡ ਗੁਰਦਾਸਪੁਰ ਨੰੂ ਨਿਰਦੇਸ਼ ਜਾਰੀ ਕੀਤੇ ਜਾਣ |