ਨਰੋਟ ਮਹਿਰਾ, 4 ਮਈ (ਰਾਜ ਕੁਮਾਰੀ)-ਕੈਬਨਿਟ ਮੰਤਰੀ ਪੰਜਾਬ ਵਲੋਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਗੋਬਿੰਦਸਰ ਵਿਚ ਅੱਜ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਹਲਕੇ ਦਾ ਪਹਿਲਾ ਖੇਡ ਸਟੇਡੀਅਮ 34 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਕੇ ਖੇਤਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ | ਇਸ ਖੇਡ ਸਟੇਡੀਅਮ ਦਾ ਉਦਘਾਟਨ ਪੰਜਾਬ ਦੇ ਕੈਬਿਨਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਵੰਤ ਸਿੰਘ, ਨਰੇਸ਼ ਸੈਣੀ ਸਕੱਤਰ ਮਾਝਾ ਜ਼ੋਨ ਪੰਜਾਬ ਖੁਸ਼ਵੀਰ ਕਾਟਲ, ਰਵੀ ਸਰਪੰਚ ਨਵੀਂ ਜਸਵਾਲੀ, ਸਾਹਿਲ ਗੋਬਿੰਦਸਰ, ਮਾਸਟਰ ਹਜ਼ਾਰੀ ਲਾਲ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਤਰਸੇਮ ਸਿੰਘ ਸਿਹੋੜਾ ਯੂਥ ਲੀਡਰ, ਕਮਲ ਸੈਣੀ ਪੰਚਾਇਤ ਮੈਂਬਰ ਗੋਬਿੰਦਸਰ, ਬਲਾਕ ਸੰਮਤੀ ਉਪ ਚੇਅਰਮੈਨ ਨੀਰੂ ਸ਼ਰਮਾ, ਬਲਾਕ ਪ੍ਰਧਾਨ ਸ਼ੈਲੀ ਸ਼ਰਮਾ, ਸੁਨੀਲ ਦੱਤ ਸਰਪੰਚ ਭੋਆ, ਬਲਾਕ ਪ੍ਰਧਾਨ ਸ਼ਸ਼ੀ ਪਾਲ, ਪਿੰਡ ਗੋਬਿੰਦਸਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵੱਡੀ ਗਿਣਤੀ ਵਿਚ ਲੋਕ, ਨੌਜਵਾਨ ਅਤੇ ਖਿਡਾਰੀ ਹਾਜ਼ਰ ਰਹੇ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ, ਸਗੋਂ ਇਹ ਨੌਜਵਾਨਾਂ ਵਿਚ ਅਨੁਸ਼ਾਸਨ, ਆਤਮ ਵਿਸ਼ਵਾਸ ਅਤੇ ਟੀਮ ਭਾਵਨਾ ਵੀ ਪੈਦਾ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਵੱਖ-ਵੱਖ ਪਿੰਡਾਂ ਦੇ ਨਵੇਂ ਖੇਡ ਸਟੇਡੀਅਮ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਅੱਜ ਵਿਧਾਨ ਸਭਾ ਹਲਕਾ ਭੋਆ ਨੂੰ ਪਹਿਲਾ ਖੇਡ ਸਟੇਡੀਅਮ ਤਿਆਰ ਕਰਕੇ ਦਿੱਤਾ ਗਿਆ ਹੈ |