ਨਰੋਟ ਜੈਮਲ ਸਿੰਘ, 4 ਮਈ (ਸ਼ਸ਼ੀ ਕੁਮਾਰ)-ਜ਼ਿਲ੍ਹਾ ਪਠਾਨਕੋਟ ਪੁਲਿਸ ਮੁਖੀ ਦਲਵਿੰਦਰਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਹੱਦੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕਾਨੰੂਨੀ ਵਿਵਸਥਾ ਨੂੰ ਕਾਇਮ ਰੱਖਣ ਤੇ ਭੈੜੇ ਪੁਰਸ਼ਾਂ ਵਲੋਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਨਰੋਟ ਜੈਮਲ ਸਿੰਘ ਦੇ ਐਸ.ਐਚ.ਓ. ਕੁਲਦੀਪ ਰਾਜ ਦੀ ਅਗਵਾਈ ਹੇਠ ਸਰਹੱਦੀ ਇਲਾਕੇ ਦੇ ਪਿੰਡਾਂ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ | ਜਿਸ ਵਿਚ ਐਸ.ਪੀ. ਹੈਡਕੁਆਰਟਰ ਗੁਰਇਕਬਾਲ ਸਿੰਘ, ਡੀ.ਐਸ.ਪੀ. ਹੈਡਕੁਆਰਟਰ ਰਾਜ ਕੁਮਾਰ, ਡੀ.ਐਸ.ਪੀ. ਕਮਾਂਡ ਅਤੇ ਕੰਟਰੋਲ ਸੁਖਬੀਰ ਸਿੰਘ, ਐਸ.ਐਚ.ਓ. ਤਾਰਾਗੜ੍ਹ ਇੰਸਪੈਕਟਰ ਦਵਿੰਦਰ ਕਾਸ਼ਨੀ, ਐਸ.ਐਚ.ਓ. ਸਦਰ ਪਠਾਨਕੋਟ ਵਿਜੇ ਕੁਮਾਰ ਤੇ ਬੀ.ਐਸ.ਐਫ. ਦੀ ਇਕ ਟੁਕੜੀ ਸਮੇਤ ਆਰਮੀ ਦੇ ਜਵਾਨ ਹਾਜ਼ਰ ਸਨ | ਜਾਣਕਾਰੀ ਦਿੰਦੇ ਹੋਏ ਐਸ.ਪੀ. ਹੈਡਕੁਆਰਟਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੂਰੀ ਟੀਮ ਵਲੋਂ ਸਰਹੱਦੀ ਪਿੰਡ ਬਰੋਲੀ ਪਿੰਡੀ ਅਤੇ ਪਿੰਡੀ ਕੋਠੇ ਅਤੇ ਇਸ ਦੇ ਲਾਗਲੇ ਸ਼ੱਕੀ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਤੋਂ ਪਹਿਲੇ ਪੁਲਿਸ ਦੁਆਰਾ ਇਨ੍ਹਾਂ ਪਿੰਡਾਂ ਦੇ ਮੋਹਤਬਰਾਂ ਤੇ ਪੰਚਾ, ਸਰਪੰਚਾਂ ਨਾਲ ਤਾਲਮੇਲ ਬਣਾਇਆ | ਬਾਅਦ ਵਿਚ ਸਰਹੱਦੀ ਇਲਾਕਿਆਂ ਵਿਚ ਸ਼ੱਕੀ ਖੇਤਰਾਂ ਅਤੇ ਗੁੱਜਰਾਂ ਦੇ ਡੇਰਿਆਂ ਦੀ ਤਲਾਸ਼ੀ ਕੀਤੀ ਗਈ ਤੇ ਉਨ੍ਹਾਂ ਨੂੰ ਪੁਲਿਸ ਵਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਸ ਦੀ ਪੁਲਿਸ ਨੂੰ ਸਮੇਂ ਸਿਰ ਸੂਚਨਾ ਦਿੱਤੀ ਜਾਵੇ | ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ | ਇਸ ਮੌਕੇ ਐਸ.ਪੀ. ਹੈਡ ਕੁਆਰਟਰ ਅਤੇ ਡੀ.ਐਸ.ਪੀ. ਹੈਡਕੁਆਰਟਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ 'ਤੇ ਪੁਲਿਸ ਨੂੰ ਸਹੀ ਸੂਚਨਾ ਦੇ ਕੇ ਪੁਲਿਸ ਦਾ ਸਹਿਯੋਗ ਕਰਨ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਰ ਸਮੇਂ ਵਚਨਬੱਧ ਹੈ |