ਸ਼ਾਹਪੁਰ ਕੰਢੀ, 5 ਮਈ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਵਿਕਾਸ ਦੇ ਕੰਮਾਂ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਹ ਸ਼ਬਦ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਕੰਢੀ ਇਲਾਕੇ 'ਚ ਸੜਕ ਦਾ ਉਦਘਾਟਨ ਕਰਦੇ ਸਮੇਂ ਕਹੇ | ਉਨ੍ਹਾਂ ਦੱਸਿਆ ਕਿ ਕੰਢੀ ਇਲਾਕਾ ਅਰਧ ਪਹਾੜੀ ਇਲਾਕਾ ਹੈ | ਜਿਸ ਕਾਰਨ ਇਲਾਕੇ 'ਚ ਬਹੁਤ ਗਿਣਤੀ ਵਿਚ ਖੱਡਾਂ ਵਗਦੀਆਂ ਹਨ | ਪਰ ਖੱਡਾਂ ਉੱਪਰ ਪੁਲੀਆਂ ਨਹੀਂ ਬਣੀਆਂ ਹੋਈਆਂ ਤੇ ਹੁਣ ਪੰਜਾਬ ਸਰਕਾਰ ਨੇ ਖੱਡਾਂ ਉਪਰ ਪੁਲੀਆਂ 'ਤੇ ਸੜਕਾਂ ਦਾ ਜਾਲ ਵਿਛਾਉਣ ਲਈ 3806 ਲੱਖ ਰੁਪਏ ਮਨਜ਼ੂਰ ਕੀਤੇ ਹਨ | ਜਿਸ ਤਹਿਤ ਚੱਕੀ ਹਾੜਾ ਤੋਂ ਧਾਰ ਤੱਕ ਲਗਭਗ 13 ਕਿੱਲੋਮੀਟਰ ਸੜਕ ਨੰੂ ਚੌੜਾ ਕਰਨਾ, ਮਨਵਾਲ ਤੋਂ ਮੋਨੀ ਬਾਬਾ ਸੰਪਰਕ ਸੜਕ, ਚੱਕੀ ਤੋਂ ਬਧਾਨੀ ਲਗਭਗ 350 ਮੀਟਰ ਇਸ ਤੋਂ ਇਲਾਵਾ ਬਸਰੂਪ ਤੋਂ ਅਜੀਜਪੁਰ ਤੱਕ ਡੇਢ ਕਿੱਲੋਮੀਟਰ ਬਣਾਈ ਜਾਵੇਗੀ | ਜੈਨੀ ਤੋਂ ਮਾਧੋਪੁਰ ਤੱਕ ਸੰਪਰਕ ਸੜਕ, ਥਰਿਆਲ ਗੈਸ ਏਜੰਸੀ ਤੋਂ ਪਿੰਡ ਮੁਤਫਰਕਾ ਤੱਕ, ਕਲਾਣੂ ਤੋਂ ਬਾਸਾ ਆਦਿ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ |