ਗੁਰਦਾਸਪੁਰ, 6 ਮਈ (ਪੰਕਜ ਸ਼ਰਮਾ)-ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ 6 ਮਈ ਤੋਂ ਅਣਮਿਥੇ ਸਮੇਂ ਲਈ ਹੜਤਾਲ ਕਰਨ ਦੇ ਸੱਦੇ ਤਹਿਤ ਗੁਰਦਾਸਪੁਰ ਦੇ ਸਮੂਹ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਕਰਨ ਉਪਰੰਤ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ, ਕੱਚੇ ਮੁਲਾਜ਼ਮਾਂ ਦੇ ਪ੍ਰਧਾਨ ਬਸ਼ੀਰ, ਰਵੀ, ਸਕੱਤਰ ਸੋਨੂੰ ਸਭਰਵਾਲ ਤੇ ਰਿੰਕੂ ਨੇ ਦੱਸਿਆ ਕਿ ਅੱਜ ਤੋਂ ਪੂਰੇ ਪੰਜਾਬ ਵਿਚ ਸੂਬਾ ਕਮੇਟੀ ਦੇ ਸੱਦੇ 'ਤੇ ਸਮੂਹ ਸਫ਼ਾਈ ਸੇਵਕ ਕੰਮ ਛੋੜ ਹੜਤਾਲ 'ਤੇ ਰਹਿਣਗੇ ਅਤੇ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦ ਤੱਕ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ | ਆਗੂਆਂ ਨੇ ਕਿਹਾ ਕਿ 10 ਸਾਲ ਪਾਲਿਸੀ ਨੂੰ ਰੱਦ ਕਰਕੇ ਦਰਜਾ ਚਾਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਰਵਿਸ 'ਚ 3 ਸਾਲ ਪੂਰੇ ਹੋਣ ਉਪਰੰਤ ਰੈਗੂਲਰ ਕਰਨ, 23-06-2021 ਨੂੰ ਜਾਰੀ ਨੋਟੀਫ਼ਿਕੇਸ਼ਨ ਦੇ ਆਧਾਰ 'ਤੇ ਰਹਿੰਦੇ ਆਊਟ ਸੋਰਸ ਕਰਮਚਾਰੀਆਂ ਨੂੰ ਤੁਰੰਤ ਵਿਭਾਗ ਅਧੀਨ ਕਰਨ, ਯੂ.ਪੀ.ਐਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਨਗਰ ਪੰਚਾਇਤਾਂ ਵਿਚ ਈ.ਪੀ.ਐਫ ਸਕੀਮ ਲਾਗੂ ਕਰਨ, ਤਰਸ ਆਧਾਰਿਤ ਨੌਕਰੀਆਂ ਬਿਨਾਂ ਸ਼ਰਤ ਦੇਣ ਆਦਿ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਨੰੂ ਹੜਤਾਲ ਲਈ ਮਜ਼ਬੂਰ ਹੋਣਾ ਪਿਆ ਹੈ | ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਆਪਣੇ ਸੰਘਰਸ਼ ਸਾਹਮਣੇ ਝੁਕਣ ਲਈ ਮਜਬੂਰ ਕਰਨਗੇ | ਇਸ ਮੌਕੇ ਮੀਤ ਪ੍ਰਧਾਨ ਸੁਲੇਮਾਨ, ਬੰਟੀ ਗਿੱਲ, ਜਤਿੰਦਰ, ਪੂਜਾ, ਪਿੰਕੀ, ਜੋਤੀ ਤੇ ਕੁਸਮ ਨੇ ਵੀ ਸੰਬੋਧਨ ਕੀਤਾ | ਹੜਤਾਲ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਮਰ ਕ੍ਰਾਂਤੀ, ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਜ਼ਿਲ੍ਹਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ ਤੇ ਡੈਮੋਕਰੈਟਿਕ ਪੈਨਸ਼ਨਰ ਫ਼ਰੰਟ ਦੇ ਅਮਰਜੀਤ ਸ਼ਾਸਤਰੀ ਨੇ ਵੀ ਹਮਾਇਤ ਦਾ ਐਲਾਨ ਕੀਤਾ |