ਗੁਰਦਾਸਪੁਰ, 6 ਮਈ (ਚੱਕਰਾਜਾ)-ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਰੈੱਡ ਕਰਾਸ ਨਸ਼ਾ ਛੁਡਾਊ ਸੈਂਟਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਗਰਮੂਧੀਆਂ ਵਿਖੇ ਪਿ੍ੰਸੀਪਲ ਹਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਵਿਨਾਸ਼ਕਾਰੀ ਸਰੀਰਕ, ਮਾਨਸਿਕ ਅਤੇ ਸਮਾਜਿਕ ਨਤੀਜਿਆਂ ਬਾਰੇ ਸੰਵੇਦਨਸ਼ੀਲ ਕਰਨਾ ਸੀ | ਇਸ ਸਮੇਂ ਟੀਮ ਦੇ ਮੈਂਬਰਾਂ ਆਈ.ਆਰ.ਸੀ.ਏ ਗੁਰਦਾਸਪੁਰ ਨੇ ਇਕ ਸੂਝਵਾਨ ਭਾਸ਼ਣ ਦਿੰਦਿਆਂ ਬੱਚਿਆਂ ਨੰੂ ਦੱਸਿਆ ਕਿ ਨਸ਼ਾ ਇਕ ਗੁੰਝਲਦਾਰ ਬਿਮਾਰੀ ਹੈ | ਪਰ ਨਿਰੰਤਰ ਸਹਾਇਤਾ, ਇਲਾਜ, ਸਲਾਹ ਆਦਿ ਨਾਲ ਇਸ ਨੰੂ ਠੀਕ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਨਸ਼ਿਆਂ ਦੀ ਦੁਰਵਰਤੋਂ ਦੇ ਲੱਛਣਾਂ ਅਤੇ ਸ਼ੁਰੂਆਤੀ ਦਖ਼ਲ-ਅੰਦਾਜ਼ੀ ਅਤੇ ਸਹਾਇਤਾ ਪ੍ਰਣਾਲੀਆਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣ, ਮਾਨਸਿਕ ਸਿਹਤ 'ਤੇ ਇਸ ਦੇ ਗੰਭੀਰ ਪ੍ਰਭਾਵ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਸਹੀ ਫ਼ੈਸਲਿਆਂ ਬਾਰੇ ਮਾਰਗ ਦਰਸ਼ਨ ਵੀ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਸਫਲ ਹੋਣ ਲਈ ਪ੍ਰੇਰਿਤ ਕੀਤਾ | ਅੰਤ ਵਿਚ ਵਿਦਿਆਰਥੀਆਂ ਨੰੂ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ ਗਈ |