ਦੀਨਾਨਗਰ, 9 ਮਈ (ਸੋਢੀ/ਘੁੰਮਣ/ਸ਼ਰਮਾ)-ਗੋਬਿੰਦ ਪਬਲਿਕ ਸਕੂਲ ਦੀਨਾਨਗਰ ਵਿਖੇ ਪਿ੍ੰਸੀਪਲ ਸੋਨਿਕਾ ਸ਼ਰਮਾ ਦੀ ਪ੍ਰਧਾਨਗੀ ਵਿਚ 'ਮਾਂ ਦਿਵਸ' ਧੂਮਧਾਮ ਮਨਾਇਆ ਗਿਆ | ਜਿਸ ਦੌਰਾਨ ਭਾਵਨਾਤਮਕ ਤੌਰ 'ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਵਿਦਿਆਰਥੀਆਂ ਵਲੋਂ ਸਕੂਲ ਨੂੰ ਵਿਸ਼ੇਸ਼ ਤੌਰ 'ਤੇ ਰੰਗ-ਬਿਰੰਗੇ ਫੁੱਲਾਂ, ਗ਼ੁਬਾਰਿਆਂ ਨਾਲ ਸਜਾਇਆ ਗਿਆ | ਸਮਾਗਮ ਦੌਰਾਨ ਸਕੂਲ ਵਿਚ ਪਹੁੰਚੀਆਂ ਬੱਚਿਆਂ ਦੀਆਂ ਮਾਤਾਵਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਸਕੂਲ ਦੇ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਨੂੰ ਧਰਤੀ 'ਤੇ ਰੱਬ ਦਾ ਰੂਪ ਦੱਸਦੇ ਹੋਏ ਉਨ੍ਹਾਂ ਪ੍ਰਤੀ ਆਪਣਾ ਡੂੰਘਾ ਧੰਨਵਾਦ ਪ੍ਰਗਟ ਕੀਤਾ | ਪੋ੍ਰਗਰਾਮ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਸੰਧੂ, ਉਪ-ਪ੍ਰਧਾਨ ਸੰਦੀਪ ਸਿੰਘ ਸੰਧੂ, ਮੈਨੇਜਰ ਸੋਨੀ ਸੰਧੂ ਅਤੇ ਪਿ੍ੰਸੀਪਲ ਸੋਨਿਕਾ ਸ਼ਰਮਾ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਾਤਾਵਾਂ ਦੇ ਸਨਮਾਨ ਵਿਚ ਕਈ ਤਰ੍ਹਾਂ ਦੇ ਗੀਤ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਾਤਾਵਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਵਧੀਆਂ ਢੰਗ ਨਾਲ ਪ੍ਰਗਟ ਕੀਤਾ | ਬੱਚਿਆਂ ਵਲੋਂ ਪੇਸ਼ ਕੀਤੇ ਗਏ ਪ੍ਰਭਾਵਸ਼ਾਲੀ ਪ੍ਰੋਗਰਾਮ ਨੂੰ ਦੇਖ ਕੇ ਕਈ ਮਾਤਾਵਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਦਿਖਾਈ ਦੇ ਰਹੇ ਸਨ | ਬੱਚਿਆਂ ਨੇ ਮਾਵਾਂ ਨੂੰ ਹੱਥ ਨਾਲ ਬਣੇ ਗ੍ਰੀਟਿੰਗ ਕਾਰਡ ਅਤੇ ਤੋਹਫ਼ੇ ਵੀ ਭੇਟ ਕੀਤੇ | ਸਕੂਲ ਦੇ ਪਿ੍ੰਸੀਪਲ ਸੋਨਿਕਾ ਸ਼ਰਮਾ ਨੇ ਕਿਹਾ ਕਿ ਇਕ ਮਾਂ ਬੱਚੇ ਦੀ ਪਹਿਲੀ ਅਧਿਆਪਕਾ ਵਜੋਂ ਸੇਵਾ ਕਰਦੀ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਸਹੀ ਦਿਸ਼ਾ ਦਿਖਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਤੇ ਆਪਣੇ ਮਾਪਿਆਂ ਲਈ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ | ਸਮਾਗਮ ਦੌਰਾਨ ਮਾਤਾਵਾਂ ਦੇ ਮਨੋਰੰਜਕ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂ ਮਾਵਾਂ ਨੂੰ ਸਕੂਲ ਵਲੋਂ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਸਕੂਲ ਦੇ ਸਟਾਫ਼ ਮੈਂਬਰ ਤੇ ਸਮੂਹ ਵੀ ਹਾਜ਼ਰ ਸਨ |