ਪਠਾਨਕੋਟ, 9 ਮਈ (ਸੰਧੂ)-ਪ੍ਰਤਾਪ ਵਰਲਡ ਸਕੂਲ ਵਿਖੇ ਮਦਰ ਡੇਅ ਮਨਾਇਆ ਗਿਆ | ਸਕੂਲ ਵਿਚ ਕਰਵਾਏ ਸਮਾਗਮ ਵਿਚ 150 ਤੋਂ ਵੱਧ ਮਾਵਾਂ ਨੇ ਬੱਚਿਆਂ ਨਾਲ ਸ਼ਮੂਲੀਅਤ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ | ਪੂਰਾ ਮਾਹੌਲ ਭਾਵਨਾਵਾਂ, ਹਾਸੇ ਅਤੇ ਖ਼ੁਸ਼ੀਆਂ ਨਾਲ ਰੰਗਿਆ ਹੋਇਆ ਨਜ਼ਰ ਆਇਆ | ਸਮਾਗਮ ਦਾ ਮੁੱਖ ਉਦੇਸ਼ ਮਾਵਾਂ ਦੇ ਨਿਸ਼ਕਾਮ ਪਿਆਰ, ਤਿਆਗ, ਦੇਖਭਾਲ ਅਤੇ ਸਮਰਪਣ ਨੂੰ ਸਨਮਾਨ ਦੇਣਾ ਸੀ ਜੋ ਬੱਚਿਆਂ ਦੇ ਜੀਵਨ ਨੂੰ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਮਾਵਾਂ ਅਤੇ ਬੱਚਿਆਂ ਵਿਚਕਾਰ ਪਿਆਰ ਤੇ ਭਾਵਨਾਤਮਕ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਮਨੋਰੰਜਕ ਅਤੇ ਭਾਗੀਦਾਰੀ ਵਾਲੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਸਮਾਗਮ ਵਿਚ ਜ਼ਿਲ੍ਹਾ ਨੋਡਲ ਅਧਿਕਾਰੀ ਪਠਾਨਕੋਟ ਨਿਧੀ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਸਕੂਲ ਵਲੋਂ ਕਰਵਾਏ ਉਪਰਾਲੇ ਦੀ ਸ਼ਲਾਘਾ ਕੀਤੀ | ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ, ਮਾਰਗ ਦਰਸ਼ਕ ਤੇ ਸਭ ਤੋਂ ਵੱਡਾ ਸਹਾਰਾ ਹੁੰਦੀ ਹੈ | ਸਕੂਲ ਦੀ ਡਾਇਰੈਕਟਰ ਓਸ਼ਿਨ ਮਹਾਜਨ ਨੇ ਕਿਹਾ ਕਿ ਮਾਤਿ੍ਤਵ ਪਿਆਰ ਅਤੇ ਸ਼ਕਤੀ ਦਾ ਸਭ ਤੋਂ ਪਵਿੱਤਰ ਰੂਪ ਹੈ ਤੇ ਮਾਵਾਂ ਹੀ ਬੱਚਿਆਂ ਦੇ ਭਵਿੱਖ ਦੀ ਅਸਲ ਨਿਰਮਾਤਾ ਹੁੰਦੀਆਂ ਹਨ | ਸਕੂਲ ਦੀ ਪਿ੍ੰਸੀਪਲ ਸੁਸ਼ਰੀ ਸ਼ੁਭਰਾ ਰਾਣੀ ਨੇ ਸਮੂਹ ਮਾਵਾਂ ਨੂੰ ਵਧਾਈ ਦਿੱਤੀ |