30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੇ ਪਿੰਡ ਰੱਤੜ-ਛੱਤੜ ਦੇ ਗੁਰਦੁਆਰਾ ਸਾਹਿਬ ਲਈ ਕੀਤੀ 5 ਲੱਖ ਦੀ ਸੇਵਾ

Ad Position 21
No active advertisement
ਅਜੀਤ ਡੈਸਕ 12-05-2026
ਡੇਰਾ ਬਾਬਾ ਨਾਨਕ, 11 ਮਈ (ਹੀਰਾ ਸਿੰਘ ਮਾਂਗਟ)-ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਮਾਸੀ ਬੀਬੀ ਰਾਜਵਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਆਪਣੀ ਭਗਵਾਨਪੁਰੀਆ ਟੀਮ ਸਮੇਤ ਪਿੰਡ ਰੱਤੜ-ਛੱਤੜ ਵਿਖੇ ਪੁੱਜੇ, ਜਿੱਥੇ ਸਾਬਕਾ ਸਰਪੰਚ ਹਰਭਜਨ ਸਿੰਘ ਚੀਮਾ ਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਬੀਬੀ ਰਾਜਵਿੰਦਰ ਕੌਰ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 5 ਲੱਖ ਰੁਪਏ ਦੀ ਸੇਵਾ ਦਾ ਯੋਗਦਾਨ ਪਾਇਆ ਗਿਆ | ਇਸ ਮੌਕੇ ਚੇਅਰਪਰਸਨ ਰਾਜਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਇਲਾਕੇ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਪਰਿਵਾਰ ਵਲੋਂ ਬੀਤੇ ਦਿਨੀਂ ਇਲਾਕੇ ਦੀਆਂ 108 ਧੀਆਂ ਦੇ ਵਿਆਹ ਕੀਤੇ ਗਏ ਸਨ ਤੇ ਹੁਣ ਜਨਵਰੀ ਮਹੀਨੇ ਵਿਚ ਫਿਰ ਉਸੇ ਤਰ੍ਹਾਂ ਇਲਾਕੇ ਦੀਆਂ 200 ਤੋਂ ਵੱਧ ਧੀਆਂ ਦੇ ਵਿਆਹ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਹਰ ਲੋੜਵੰਦ ਪਰਿਵਾਰ ਦੀ ਧੀ ਨੂੰ ਵਿਆਹ 'ਚ 21 ਹਜ਼ਾਰ ਰੁਪਏ ਸ਼ਗਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਕਿਸੇ ਵੀ ਪਿੰਡ ਦੇ ਲੋੜਵੰਦ ਪਰਿਵਾਰ ਦੀ ਧੀ, ਜੋ ਉੱਚ ਵਿਦਿਆ ਹਾਸਲ ਕਰਕੇ ਆਈ.ਏ.ਐੱਸ. ਜਾਂ ਆਈ.ਪੀ.ਐੱਸ. ਬਣਨਾ ਚਾਹੁੰਦੀ ਹੈ ਜਾਂ ਕੋਈ ਡਿਗਰੀ ਹਾਸਲ ਕਰਨਾ ਚਾਹੁੰਦੀ ਹੈ ਤਾਂ ਸਾਡੇ ਭਗਵਾਨਪੁਰੀਆ ਪਰਿਵਾਰ ਵਲੋਂ ਉਸ ਧੀ ਦੀ ਪੜ੍ਹਾਈ ਦਾ ਸਾਰਾ ਖਰਚਾ ਕੀਤਾ ਜਾਵੇਗਾ | ਇਸ ਮੌਕੇ ਚੇਅਰਪਰਸਨ ਰਾਜਵਿੰਦਰ ਕੌਰ ਨੇ ਕਿਹਾ ਕਿ 2027 ਦੀਆਂ ਚੋਣਾਂ ਦੌਰਾਨ ਜੇਕਰ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਚਾਹਿਆ ਤਾਂ ਉਨ੍ਹਾਂ ਦਾ ਪਰਿਵਾਰ ਸਿਆਸਤ ਵਿਚ ਵੀ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਵੇਗਾ | ਇਸ ਮੌਕੇ ਪਿੰਡ ਰੱਤੜ-ਛੱਤੜ ਦੇ ਸਾ. ਸਰਪੰਚ ਹਰਭਜਨ ਸਿੰਘ ਚੀਮਾ ਵਲੋਂ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਤੇ ਸਮੁੱਚੀ ਭਗਵਾਨਪੁਰੀਆ ਟੀਮ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਦਲਬੀਰ ਸਿੰਘ ਭਿੱਲਾ ਸਰਪੰਚ ਕੋਟਲੀ ਸੂਰਤ ਮੱਲ੍ਹੀ, ਬਲਵਿੰਦਰ ਸਿੰਘ ਸਰਪੰਚ ਸ਼ਿਕਾਰ ਮਾਛੀਆਂ, ਸੁਖਵਿੰਦਰ ਸਿੰਘ ਸਰਪੰਚ ਕੋਟਲੀ ਸੂਰਤ ਮੱਲ੍ਹੀ, ਅਮਨਦੀਪ ਸਿੰਘ ਮੀਰ ਕਚਾਣਾ, ਸਤਿਨਾਮ ਸਿੰਘ ਨੰਬਰਦਾਰ ਰੱਤੜ-ਛੱਤੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਤਨ ਸਾਗਰ ਪਬਲਿਕ ਸੀਨੀ: ਸੈਕੰ: ਸਕੂਲ ਬੱਬੇਹਾਲੀ ਦੇ ਵਿਦਿਆਰਥੀਆਂ ਨੇ 10ਵੀਂ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਾਨਕ ਵਾਸੀਆਂ ਵਲੋਂ ਨਵਦੀਪ ਸਿੰਘ ਪੰਨੂੰ ਦੇ ਹੱਕ 'ਚ ਬੈਠਕ
Ad Position 24