ਨੈਣੇਕੋਟ ਕਤਲ ਮਾਮਲੇ 'ਚ 4 ਨਾਮਜ਼ਦ <br/>
ਅਜੀਤ ਡੈਸਕ
14-05-2026
ਭਰਾ ਤੇ ਭਾਬੀ ਦਾ ਕਤਲ ਕਰਨ ਵਾਲੇ ਅਮਰਜੀਤ ਸਿੰਘ ਦਾ ਰਿਹਾ ਹੈ ਅਪਰਾਧਿਕ ਪਿਛੋਕੜ
ਪਿੰਡ ਨੈਣੇਕੋਟ ਵਿਚ ਛੋਟੇ ਭਰਾ ਦੇ ਹਿੱਸੇ ਆਉਂਦੀ ਜ਼ਮੀਨ ਨੂੰ ਹੜੱਪਣ ਦੀ ਨੀਅਤ ਨਾਲ ਆਪਣੇ ਭਰਾ ਤੇ ਭਾਬੀ ਦਾ ਕਤਲ ਕਰਨ ਵਾਲੇ ਅਮਰਜੀਤ ਦਾ ਪਿਛੋਕੜ ਅਪਰਾਧਿਕ ਰਿਹਾ ਹੈ | ਜਮਸ਼ੇਦਪੁਰ ਦੇ ਸਿਦਗੌੜਾ ਤੇ ਹਾਲ ਵਾਸੀ ਨੈਣੇਕੋਟ ਵਾਸੀ ਅਮਰਜੀਤ ਸਿੰਘ ਉਰਫ ਅੰਬਾ ਦਾ ਜਮਸ਼ੇਦਪੁਰ ਵਿਚ ਰਹਿੰਦਿਆਂ ਸਭ ਤੋਂ ਪਹਿਲਾਂ ਅਪਰਾਧਿਕ ਗਤੀਵਿਧੀਆਂ ਵਿਚ ਨਾਂਅ ਸਾਲ 2019 ਵਿਚ ਉਸ ਵੇਲੇ ਆਇਆ ਸੀ, ਜਦੋਂ ਝਾਰਖੰਡ ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਗੁਰਬਚਨ ਸਿੰਘ ਬਿੱਲਾ ਅਤੇ ਉਸ ਦੀ ਪਤਨੀ ਉੱਤੇ ਹੋਏ ਜਾਨਲੇਵਾ ਹਮਲਾ ਹੋਇਆ ਸੀ | ਇਸ ਹਮਲੇ 'ਚ ਅੰਬੇ ਦਾ ਨਾਂਅ ਮੁੱਖ ਸਾਜਿਸ਼ਕਰਤਾ ਦੇ ਤੌਰ 'ਤੇ ਆਇਆ ਸੀ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਬਚਨ ਸਿੰਘ ਬਿੱਲਾ ਤੇ ਉਨ੍ਹਾਂ ਦੀ ਪਤਨੀ 9 ਨਵੰਬਰ 2019 ਨੂੰ ਸਵੇਰੇ ਤੜਕਸਾਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਉੱਪਰ ਤਾਬੜਤੋੜ ਹਮਲਾ ਹੋਇਆ ਸੀ | ਪੁਲਿਸ ਜਾਂਚ ਵਿਚ ਇਹ ਆਇਆ ਸੀ ਕਿ ਅਮਰਜੀਤ ਉਰਫ਼ ਅੰਬੇ ਅਤੇ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਲੀਨ ਪ੍ਰਧਾਨ ਗੁਰਮੁੱਖ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਗੁਰਬਚਨ ਸਿੰਘ ਨੂੰ ਮਾਰਨ ਦੀ ਸਾਜਿਸ਼ ਰਚੀ ਸੀ | ਉਸ ਜਾਂਚ ਵਿਚ ਇਹ ਵੀ ਆਇਆ ਕਿ ਉਸ ਵੇਲੇ ਹਮਲਾਵਰਾਂ ਨੂੰ ਅਮਰਜੀਤ ਸਿੰਘ ਅੰਬੇ ਵਲੋਂ ਹਥਿਆਰ ਉਪਲੱਬਧ ਕਰਵਾਏ ਸਨ | ਇਸ ਮਾਮਲੇ 'ਚ ਉਸ ਨੂੰ ਲੰਬੇ ਸਮੇਂ ਲਈ ਜੇਲ੍ਹ ਵੀ ਹੋਈ | ਝਾਰਖੰਡ ਹਾਈਕੋਰਟ ਨੇ ਇਸ ਮਾਮਲੇ ਵਿਚ ਕੁਝ ਸਾਲ ਪਹਿਲਾਂ ਹੀ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਸੀ | ਅਮਰਜੀਤ ਸਿੰਘ ਅੰਬੇ ਦਾ ਜਮਸ਼ੇਦਪੁਰ ਵਿਚ ਟਰੱਕਾਂ ਤੇ ਹੋਰ ਹੈਵੀ ਵਾਹਨਾਂ ਲਈ ਫਾਈਨੈਂਸ ਦਾ ਵੱਡਾ ਕਾਰੋਬਾਰ ਹੈ | ਜਮਸ਼ੇਦਪੁਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਰਜੀਤ ਸਿੰਘ ਅੰਬੇ ਵਲੋਂ ਜਮਸ਼ੇਦਪੁਰ ਦੇ ਇਕ ਬਾਜ਼ਾਰ ਵਿਚ ਇਕ ਨੌਜਵਾਨ ਲੜਕੀ ਨੂੰ ਮਾਰਨ ਦੇ ਦੋਸ਼ ਵੀ ਲੱਗੇ ਸਨ | ਇਹ ਮਾਮਲਾ ਵੀ ਅਦਾਲਤ ਵਿਚ ਵਿਚਾਰ ਅਧੀਨ ਹੈ | ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅਮਰਜੀਤ ਸਿੰਘ ਅੰਬੇ ਦੇ ਖ਼ਿਲਾਫ਼ ਜਮਸ਼ੇਦਪੁਰ ਵਿਚ ਕਈ ਤਰ੍ਹਾਂ ਦੇ ਹੋਰ ਵੀ ਅਪਰਾਧਿਕ ਮਾਮਲੇ ਦਰਜ ਹਨ |