ਗੁਰਦਾਸਪੁਰ, 13 ਮਈ (ਗੁਰਪ੍ਰਤਾਪ ਸਿੰਘ)-ਬੀਤੇ ਸਾਲ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਜਾਰੀ ਕੀਤਾ ਗਿਆ ਸੀ | ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ 'ਤੇ ਕਾਸ਼ਤ ਕਰ ਰਹੇ ਕਿਸਾਨਾਂ ਲਈ ਵੀ ਨੁਕਸਾਨੀਆਂ ਫਸਲਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ | ਪਰ ਤਹਿਸੀਲ ਡੇਰਾ ਬਾਬਾ ਨਾਨਕ ਅੰਦਰ ਸਰਕਾਰੀ ਜ਼ਮੀਨਾਂ ਵਾਹ ਰਹੇ ਕਈ ਕਿਸਾਨ ਨੂੰ ਇਸ ਮੁਆਵਜ਼ੇ ਦੀ ਅਦਾਇਗੀ ਨਹੀਂ ਹੋਈ ਹੈ | ਜਿਸ ਦੇ ਸਬੰਧ 'ਚ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਦਾ ਵਫ਼ਦ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਕਟਾਰੂਚੱਕ ਵਿਖੇ ਮਿਲਿਆ | ਵਫ਼ਦ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਸਰਕਾਰ ਨੇ ਸਰਕਾਰੀ ਜ਼ਮੀਨਾਂ ਉੱਪਰ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਬੀਤੇ ਸਾਲ ਪੰਜਾਬ ਵਿਚ ਆਏ ਹੜ੍ਹਾਂ ਨਾਲ ਨੁਕਸਾਨੀਆਂ ਫਸਲਾਂ ਦਾ ਦੂਜੇ ਹੜ ਪੀੜਤ ਕਿਸਾਨਾਂ ਵਾਂਗ ਹੀ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਸਬੰਧੀ 24 ਫਰਵਰੀ ਨੂੰ ਬਕਾਇਦਾ ਨੋਟੀਫ਼ਿਕੇਸ਼ਨ ਜਾਰੀ ਕਰਕੇ ਲੋੜੀਂਦੇ ਫ਼ੰਡ ਵੀ ਰਿਲੀਜ਼ ਕਰ ਦਿੱਤੇ ਸਨ | ਪਰ ਇਸ ਦੇ ਬਾਵਜੂਦ ਵੀ ਡੇਰਾ ਬਾਬਾ ਨਾਨਕ ਦੇ ਤਹਿਸੀਲ ਪ੍ਰਸ਼ਾਸਨ ਨੇ ਪੀੜਤ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ੇ ਦਾ ਇਕ ਧੇਲਾ ਵੀ ਅਦਾ ਨਹੀਂ ਕੀਤਾ ਹੈ | ਆਗੂਆਂ ਨੇ ਦੱਸਿਆ ਕੇ ਕੈਬਨਿਟ ਮੰਤਰੀ ਵਲੋਂ ਵਫ਼ਦ ਨੂੰ ਪੂਰੇ ਧਿਆਨ ਤੇ ਹਮਦਰਦੀ ਪੂਰਵਕ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਫੋਨ ਕਰਕੇ ਹਦਾਇਤ ਕੀਤੀ ਕਿ ਲੋੜੀਂਦੀ ਕਾਰਵਾਈ ਕਰਕੇ ਡੇਰਾ ਬਾਬਾ ਨਾਨਕ ਇਲਾਕੇ ਦੇ ਸਰਕਾਰੀ ਜ਼ਮੀਨਾਂ ਉੱਪਰ ਕਾਸ਼ਤ ਕਰ ਰਹੇ ਸਮੂਹ ਕਿਸਾਨਾਂ ਨੂੰ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਤੁਰੰਤ ਅਦਾ ਕਰਵਾਇਆ ਜਾਵੇ | ਵਫ਼ਦ 'ਚ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੇ ਮੈਂਬਰ ਬਲਬੀਰ ਸਿੰਘ ਰੰਧਾਵਾ ਸ਼ਮਸ਼ੇਰਪੁਰ, ਜੋਗਿੰਦਰ ਸਿੰਘ ਖੰਨਾ ਚਮਾਰਾ, ਮੀਡੀਆ ਇੰਚਾਰਜ ਸਤਬੀਰ ਸਿੰਘ ਖੋਦੇਬੇਟ, ਸੀਨੀਅਰ ਆਗੂ ਸੁੱਚਾ ਸਿੰਘ ਰਾਮ ਦਿਵਾਲੀ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰੰਧਾਵਾ ਸਿੰਘਪੁਰਾ ਅਤੇ ਸੀਨੀਅਰ ਆਗੂ ਨਰਿੰਦਰ ਸਿੰਘ ਤਲਵੰਡੀ ਹਿੰਦੂਆਂ ਸ਼ਾਮਿਲ ਸਨ |