ਪਠਾਨਕੋਟ, 13 ਮਈ (ਵਿਨੋਦ)-ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਦੀਆਂ ਚੋਣਾਂ ਵਿਚ ਵੋਟਾਂ ਇਸ ਵਾਰ ਈ.ਵੀ.ਐਮ. ਮਸ਼ੀਨ ਰਾਹੀਂ ਨਹੀਂ ਬਲਕਿ ਬੈਲਟ ਪੇਪਰਾਂ ਰਾਹੀਂ ਹੋਣਗੀਆਂ | ਉਕਤ ਸ਼ਬਦਾਂ ਦਾ ਪ੍ਰਗਟਾਵਾ ਏ.ਡੀ.ਸੀ. (ਡੀ) ਜਸਵੰਤ ਸਿੰਘ ਵੜੈਚ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਸ ਵਾਰ ਪਠਾਨਕੋਟ ਨਗਰ ਨਿਗਮ ਦੇ 50 ਵਾਰਡ ਅਤੇ ਨਗਰ ਕੌਂਸਲ ਸੁਜਾਨਪੁਰ ਦੇ 15 ਵਾਰਡਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਵੋਟਾਂ ਈ.ਵੀ.ਐਮ. ਮਸ਼ੀਨ ਰਾਹੀਂ ਨਹੀਂ ਬਲਕਿ ਬੈਲਟ ਪੇਪਰ ਰਾਹੀਂ ਲੋਕ ਕਰਨਗੇ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵਿਚ 50 ਵਾਰਡਾਂ ਲਈ ਤਿੰਨ ਆਰ.ਓ. ਲਗਾਏ ਗਏ ਹਨ ਅਤੇ ਇੱਥੇ 138 ਪੋਲਿੰਗ ਬੂਥ ਹਨ | ਇਸੇ ਤਰ੍ਹਾਂ ਨਗਰ ਕੌਂਸਲ ਸੁਜਾਨਪੁਰ ਵਿਚ ਇਕ ਆਰ.ਓ. ਤੇ ਇਕ ਏ ਆਰ.ਓ. ਲਗਾਇਆ ਗਿਆ ਹੈ ਤੇ 26 ਪੋਲਿੰਗ ਬੂਥ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਪ੍ਰਬੰਧ ਮੁਕੰਮਲ ਕੀਤੇ ਗਏ ਹਨ, ਵੋਟਰ ਸੂਚੀਆਂ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਚੋਣਾਂ ਨਿਰਪੱਖ ਅਤੇ ਨਿਰਵਿਘਨ ਹੋਣ ਇਸ ਲਈ ਪ੍ਰਸ਼ਾਸਨ ਵਲੋਂ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ |