ਗੁਰਦਾਸਪੁਰ, 14 ਮਈ (ਚੱਕਰਾਜਾ)-ਪੰਜਾਬ ਕ੍ਰਿਸਚਨ ਫ਼ਰੰਟ ਦੇ ਸੂਬਾ ਪ੍ਰਧਾਨ ਤੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਵਿਕਟਰ ਮਸੀਹ ਵਲੋਂ ਮਨੀਪੁਰ ਵਿਖੇ ਗੋਲੀਆਂ ਨਾਲ ਕੀਤੇ ਹਮਲੇ 'ਚ ਮਾਰੇ ਗਏ ਤਿੰਨ ਪਾਸਟਰਾਂ ਸਬੰਧੀ ਡੂੰਘਾ ਦੁੱਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪਾਸਟਰ ਸਾਹਿਬਾਨ ਲਮਕਾ ਸਥਾਨਿਕ ਜਗਾ 'ਤੇ ਹੋਈ ਧਾਰਮਿਕ ਮੀਟਿੰਗ ਤੋਂ ਵਾਪਸ ਆ ਰਹੇ ਸੀ ਕਿ ਹਮਲਾਵਰਾਂ ਨੇ ਅਚਾਨਕ ਰਸਤੇ 'ਚ ਉਨ੍ਹਾਂ ਤੇ ਸਾਥੀਆਂ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ | ਜਿਸ 'ਚ ਤਿੰਨਾਂ ਪਾਸਟਰਾਂ ਦੀ ਮੌਤ ਹੋ ਗਈ ਤੇ ਬਾਕੀ ਉਨ੍ਹਾਂ ਦੇ ਸਾਥੀ ਜ਼ੇਰੇ ਇਲਾਜ ਹਨ | ਉਨ੍ਹਾਂ ਕਿਹਾ ਕਿ ਮਨੀਪੁਰ ਸੂਬੇ ਦੀ ਸਰਕਾਰ ਆਪਸੀ ਭਾਈਚਾਰਕ ਸਾਂਝ ਨੰੂ ਮਜ਼ਬੂਤ ਕਰਨ 'ਚ ਅਸਫਲ ਰਹੀ ਹੈ ਅਤੇ ਮਨੀਪੁਰ ਵਿਖੇ ਲਗਾਤਾਰ ਅਜਿਹੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ | ਉਨ੍ਹਾਂ ਅਪੀਲ ਕੀਤੀ ਕਿ ਪਾਸਟਰ ਸਾਹਿਬਾਨਾਂ 'ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੰੂ ਸਖਤ ਸਜਾ ਦਿੱਤੀ ਜਾਵੇ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ ਤਾਂ ਜੋ ਹਰ ਧਰਮ ਦੇ ਲੋਕਾਂ ਨੰੂ ਧਾਰਮਿਕ ਆਜ਼ਾਦੀ ਹੋਵੇ |