ਫ਼ਤਹਿਗੜ੍ਹ ਚੂੜੀਆਂ, 14 ਮਈ (ਅਵਤਾਰ ਸਿੰਘ ਰੰਧਾਵਾ)-ਬੀਤੇ ਕੁਝ ਦਿਨਾਂ ਤੋਂ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੇ ਸਫ਼ਾਈ ਕਰਮਚਾਰੀਆਂ ਦੀ ਯੂਨੀਅਨ ਵਲੋਂ ਚੱਲ ਰਹੀ ਕੰਮ ਛੋੜ ਹੜਤਾਲ ਨੂੰ ਲੈ ਕੇ ਤਹਿਸੀਲ ਕੰਪਲੈਕਸ ਦੇ ਗੇਟ ਮੂਹਰੇ ਅਤੇ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਅਤੇ ਆਵਾਜਾਈ ਵਾਲੀਆਂ ਥਾਵਾਂ ਉੱਪਰ ਗੰਦਗੀ ਭਰੇ ਬਦਬੂਦਾਰ ਕੂੜੇ ਦੇ ਅੰਬਾਰ ਲੱਗ ਚੁੱਕੇ ਹਨ, ਜਿਸ ਕਰ ਕੇ ਜਿੱਥੇ ਲੋਕਾਂ ਦਾ ਲੰਘਣਾ ਮੁਹਾਲ ਹੋ ਚੁੱਕਾ ਹੈ, ਉਥੇ ਫ਼ੈਲੀ ਹੋਈ ਬਦਬੂ ਤੇ ਗੰਦਗੀ ਕਾਰਨ ਸ਼ਹਿਰ ਅੰਦਰ ਬਿਮਾਰੀਆਂ ਫ਼ੈਲਣ ਦਾ ਡਰ ਵੀ ਬਣ ਚੁੱਕਾ ਹੈ | ਇਸ ਸਬੰਧੀ ਤਹਿਸੀਲ ਦਫ਼ਤਰ ਫ਼ਤਹਿਗੜ੍ਹ ਚੂੜੀਆਂ ਦੇ ਸਾਹਮਣੇ ਗੰਦਗੀ ਭਰੇ ਕੂੜੇ ਦੇ ਅੰਬਾਰ ਕੋਲ ਖਲੋ ਕੇ ਸਫ਼ਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ | ਇਸ ਮੌਕੇ ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਕਈ ਚਿਰਾਂ ਤੋਂ ਬਾਰ-ਬਾਰ ਸਬੰਧਤ ਅਫ਼ਸਰਾਂ ਦੇ ਧਿਆਨ ਵਿਚ ਲਿਆਉਣ 'ਤੇ ਵੀ ਉਨ੍ਹਾਂ ਦੀਆਂ ਲਟਕੀਆਂ ਮੰਗਾਂ ਉੱਪਰ ਗੌਰ ਨਹੀਂ ਕੀਤੀ ਜਾ ਰਹੀ, ਜਿਸ ਕਰ ਕੇ ਉਨ੍ਹਾਂ ਨੇ ਅਣਮਿੱਥੇ ਸਮੇਂ ਤੱਕ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਯੂਨੀਅਨ ਨਾਲ ਮਸ਼ਵਰਾ ਸਾਂਝਾ ਕਰਨਗੇ | ਇਸ ਮੌਕੇ ਸੁਖਵਿੰਦਰ ਸਿੰਘ, ਰਾਹੁਲ, ਸੁਰਜੀਤ ਸਿੰਘ, ਗਗਨਪ੍ਰੀਤ ਸਿੰਘ, ਸਰਬਜੀਤ ਸਿੰਘ, ਗਗਨ, ਨਿਰਮਲ ਮਸੀਹ, ਸੁਨੀਲ, ਸਨੀ, ਰਾਹੁਲ, ਬੀਬੀ ਪਰਵੀਨ, ਕੁਲਦੀਪ ਸਿੰਘ ਬਹੁਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ |