ਬਟਾਲਾ, 16 ਮਈ (ਸਤਿੰਦਰ ਸਿੰਘ)- ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਏ.ਐੱਸ.ਆਈ.ਐੱਸ.ਸੀ. ਜ਼ੋਨਲ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਖਿਡਾਰੀਆਂ ਨੇ ਵੱਖ-ਵੱਖ ਐਥਲੈਟਿਕਸ ਅਤੇ ਟੀਮ ਖੇਡਾਂ ਵਿਚ ਤਮਗੇ ਤੇ ਸਥਾਨ ਹਾਸਲ ਕਰ ਕੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਮਾਣ ਦਿੱਤਾ | ਅੰਡਰ-17 ਲੜਕੀਆਂ ਵਿਚ ਕਲਾਸ 9ਵੀਂ ਦੀ ਸੁਖਮਨਪ੍ਰੀਤ ਕੌਰ ਨੇ ਉੱਚੀ ਛਾਲ ਵਿਚ ਕਾਂਸੀ ਦਾ ਤਗਮਾ ਜਿੱਤਿਆ | 10+1 ਦੀ ਰਵਨੀਤ ਕੌਰ ਨੇ ਲੰਬੀ ਛਾਲ ਵਿਚ ਸੋਨੇ ਦਾ ਤਮਗਾ, 9ਵੀਂ ਜਮਾਤ ਦੀ ਸਿਮਰਨਜੀਤ ਕੌਰ ਨੇ ਹੈਮਰ ਥ੍ਰੋ ਵਿਚ ਸੋਨੇ ਦਾ ਤਮਗਾ ਤੇ ਸ਼ਾਟਪੁੱਟ ਵਿਚ ਕਾਂਸੀ ਦਾ ਤਮਗਾ, 8ਵੀਂ ਦੀ ਅਸ਼ਮੀਤ ਕੌਰ ਨੇ ਹੈਮਰ ਥ੍ਰੋ ਵਿਚ ਕਾਂਸੀ ਦਾ ਤਮਗਾ, ਹਰਗੁਣਪ੍ਰੀਤ ਕੌਰ ਨੇ ਜੈਵਲਿਨ ਥ੍ਰੋ ਵਿਚ ਚਾਂਦੀ ਦਾ ਤਮਗਾ, ਅੰਡਰ-17 ਲੜਕੀਆਂ ਦੀ ਟੀਮ ਨੇ ਵੀ ਸ਼ਾਨਦਾਰ ਦੌੜ ਦਿਖਾਉਂਦਿਆਂ ਤੀਜਾ ਸਥਾਨ, ਅੰਡਰ-14 ਲੜਕੇ ਵਰਗ ਵਿਚ ਕਲਾਸ 6ਵੀਂ ਦੇ ਵਿਦਿਆਰਥੀ ਮਨਵੀਰ ਸਿੰਘ ਨੇ 600 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਟੀਮ ਖੇਡਾਂ ਵਿਚ ਵੀ ਸੇਂਟ ਵਾਰੀਅਰਜ਼ ਸਕੂਲ ਦਾ ਦਬਦਬਾ ਕਾਇਮ ਰਿਹਾ | ਅੰਡਰ-19 ਫੁੱਟਬਾਲ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਵਾਲੀਬਾਲ ਟੀਮ ਨੇ ਵੀ ਬਿਹਤਰੀਨ ਪ੍ਰਦਰਸ਼ਨ ਕਰ ਕੇ ਤੀਜਾ ਸਥਾਨ ਆਪਣੇ ਨਾਂਅ ਕੀਤਾ | ਅੰਡਰ-17 ਲੜਕੀਆਂ ਖੋ-ਖੋ ਟੀਮ ਨੇ ਵੀ ਤੀਜਾ ਸਥਾਨ ਹਾਸਲ ਕਰ ਕੇ ਸਕੂਲ ਦੀ ਝੋਲੀ ਵਿਚ ਇਕ ਹੋਰ ਮਾਣਮੱਤੀ ਉਪਲਬਧੀ ਪਾਈ | ਸਕੂਲ ਦੇ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਸਿਰਫ਼ ਤਮਗੇ ਹੀ ਨਹੀਂ ਜਿੱਤੇ, ਸਗੋਂ ਸੇਂਟ ਵਾਰੀਅਰਜ਼ ਸਕੂਲ ਦੀ ਖੇਡਾਂ ਪ੍ਰਤੀ ਵਚਨਬੱਧਤਾ ਤੇ ਉੱਚ ਸਿੱਖਿਅਕ ਮਿਆਰਾਂ ਨੂੰ ਵੀ ਦਰਸਾਇਆ ਹੈ | ਖ਼ਾਸ ਕਰ ਕੇ ਫੁੱਟਬਾਲ ਟੀਮ ਵਲੋਂ ਪਹਿਲਾ ਸਥਾਨ ਹਾਸਲ ਕਰਨਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਸਾਰੇ ਖਿਡਾਰੀਆਂ, ਕੋਚਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ | ਸਕੂਲ ਪ੍ਰਬੰਧਕ ਕਮੇਟੀ ਅਤੇ ਸਟਾਫ਼ ਵਲੋਂ ਸਾਰੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |