ਘੁਮਾਣ, 20 ਮਈ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ | ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਲਈ ਖੇਡਾਂ ਨੂੰ ਵਿਦਿਆਰਥੀਆਂ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਨੂੰ ਲੈ ਕੇ ਸਕੂਲ 'ਚ ਖੇਡ ਮੁਕਾਬਲੇ ਪੂਰੇ ਉਤਸ਼ਾਹ ਨਾਲ ਸ਼ੁਰੂ ਕਰਵਾਏ ਗਏ, ਜਿਸ ਵਿਚ ਹਰ ਕਲਾਸ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸੁਕਤਾ ਤੇ ਲਗਨ ਨਾਲ ਹਿੱਸਾ ਲਿਆ | ਖੇਡਾਂ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਅੰਮੂ ਚੀਮਾ ਵਲੋਂ ਕਰਵਾਈ ਗਈ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ | ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਆਪਣੇ ਖਾਲੀ ਸਮੇਂ ਵਿਚ ਖੇਡਾਂ ਵੱਲ ਰੁਚੀ ਰੱਖਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਮੋਬਾਇਲ ਦੀ ਵਰਤੋਂ ਘੱਟ ਕਰਨ ਅਤੇ ਖੇਡਾਂ ਵੱਲ ਵੱਧ ਧਿਆਨ ਦੇਣ ਤਾਂ ਕਿ ਬੌਧਿਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਹੋ ਸਕੇ | ਸਕੂਲ ਪਿ੍ੰਸੀਪਲ ਡਾਕਟਰ ਮਨਦੀਪ ਕੌਰ ਅਤੇ ਉੱਪ ਪਿ੍ੰਸੀਪਲ ਸ਼੍ਰੀਮਤੀ ਆਰਤੀ ਨੰਦਾ ਵਲੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਬੱਚੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਤਾਂ ਹੀ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਅੱਗੇ ਵਧ ਸਕਦੇ ਹਨ |