ਸੁਜਾਨਪੁਰ, 22 ਮਈ (ਜਗਦੀਪ ਸਿੰਘ)-ਹਿਊਮਨ ਰਾਈਟਸ ਕਮਿਸ਼ਨ ਪੰਜਾਬ (ਚੰਡੀਗੜ੍ਹ) ਜ਼ਿਲ੍ਹਾ ਪਠਾਨਕੋਟ ਕੋਰ ਗਰੁੱਪ ਦੀ ਮੀਟਿੰਗ ਕੋਰ ਗਰੁੱਪ ਮੈਂਬਰ ਜਗਦੀਪ ਸਿੰਘ ਤੇ ਰੰਜਨਾ ਮਹਾਜਨ ਦੀ ਦੇਖਰੇਖ ਹੇਠ ਹੋਈ | ਜਿਸ 'ਚ ਕੋਰ ਗਰੁੱਪ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਦੀਪ ਸਿੰਘ ਅਤੇ ਰੰਜਨਾ ਮਹਾਜਨ ਨੇ ਦੱਸਿਆ ਕਿ ਸਾਰੇ ਕੋਰ ਗਰੁੱਪ ਵਲੋਂ ਹਿਊਮਨ ਰਾਈਟ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼, ਜੁਡੀਸ਼ੀਅਲ ਮੈਂਬਰ ਗੁਰਬੀਰ ਸਿੰਘ ਅਤੇ ਮੇਨ ਮੈਂਬਰ ਜਤਿੰਦਰ ਸਿੰਘ ਸ਼ੈਂਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਜਿਨ੍ਹਾਂ ਨੇ ਕੋਰ ਗਰੁੱਪ ਪਠਾਨਕੋਟ ਨੂੰ ਹਿਊਮਨ ਰਾਈਟਸ ਕਮਿਸ਼ਨ ਰਾਹੀਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ | ਉਨ੍ਹਾਂ ਕਿਹਾ ਕਿ ਪਠਾਨਕੋਟ ਕੋਰ ਗਰੁੱਪ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਸਾਰੇ ਮੈਂਬਰ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜੋ ਵੀ ਕਮਿਸ਼ਨ ਵਲੋਂ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਜਾਣਗੇ ਉਸ 'ਤੇ ਖਰਾ ਉੱਤਰਨਗੇ | ਉਨ੍ਹਾਂ ਦੱਸਿਆ ਕਿ ਸਾਰੇ ਕੋਰ ਗਰੁੱਪ ਮੈਂਬਰ ਜਲਦੀ ਹੀ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਮੀਟਿੰਗ ਕਰਨਗੇ ਤੇ ਜਿਨ੍ਹਾਂ-ਜਿਨ੍ਹਾਂ ਵਿਭਾਗਾਂ ਦੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਇਸ ਮੌਕੇ ਕੋਰ ਗਰੁੱਪ ਮੈਂਬਰ ਕਮਲ ਰਾਜ, ਮੁਹੰਮਦ ਸੁਹੇਲ, ਸ਼ਸ਼ੀ ਬਾਲਾ, ਸਮਰਿਧੀ, ਸਤੀਸ਼ ਕੁਮਾਰ, ਸੰਜੀਵ ਠਾਕੁਰ, ਗੋਲਡੀ ਅਰੋੜਾ, ਰੀਤਾ ਸ਼ਰਮਾ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ |