ਗੁਰਦਾਸਪੁਰ, 25 ਮਈ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਗੋਲਕ ਚੋਰਾਂ ਦੀ ਭਰਮਾਰ ਹੋਣ ਕਾਰਨ ਮੰਦਿਰਾਂ ਵਿਚ ਨਿੱਤ ਗੋਲਕਾਂ ਟੁੱਟਣ ਕਰਕੇ ਹਜ਼ਾਰਾਂ ਰੁਪਏ ਚੋਰੀ ਹੋ ਰਹੇ ਹਨ | ਪਰ ਪੁਲਿਸ ਅਜੇ ਤੱਕ ਕਿਸੇ ਵੀ ਚੋਰ ਨੰੂ ਕਾਬੂ ਨਹੀਂ ਕਰ ਸਕੀ | ਜਿਸ ਕਾਰਨ ਪੁਲਿਸ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ | ਇਲਾਕੇ ਦੇ ਸਰਪੰਚਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ, ਮੰਦਿਰਾਂ ਦੇ ਪ੍ਰਧਾਨਾਂ ਨੇ ਦੱਸਿਆ ਕਿ ਪਿੰਡ ਕ੍ਰਿਸ਼ਨਾ ਨਗਰ ਦੇ 3 ਮੰਦਿਰ ਤੇ ਇਕ ਜੱਟੂਵਾਲ ਦੇ ਮੰਦਿਰ ਦੀਆਂ ਗੋਲਕਾਂ ਤੋੜੀਆਂ ਹਨ ਤੇ ਚੋਰਾਂ ਨੇ ਆਪਣੇ ਨਾਲ ਤੇਜ਼ਧਾਰ ਹਥਿਆਰ ਵੀ ਲਿਆਂਦੇ ਸਨ, ਜਿਨ੍ਹਾਂ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ | ਇਸ ਸਬੰਧੀ ਮੰਦਿਰ ਦੇ ਪੁਜਾਰੀ ਨਰਿੰਦਰ ਕੁਮਾਰ ਸ਼ਰਮਾ, ਪਿੰਡ ਕ੍ਰਿਸ਼ਨਾ ਨਗਰ ਦੇ ਸਰਪੰਚ ਰਾਕੇਸ਼ ਕੁਮਾਰ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਚੋਰਾਂ ਨੇ ਰਾਤ 2 ਵਜੇ ਚੋਰੀ ਦੀ ਘਟਨਾ ਨੰੂ ਅੰਜਾਮ ਦਿੱਤਾ ਹੈ | ਪਿੰਡ ਦਾ ਰਾਧਾ ਕ੍ਰਿਸ਼ਨ ਮੰਦਿਰ, ਸ਼ਿਵ ਮੰਦਿਰ ਤੇ ਮਨਸੋਤਰਾ ਜਠੇਰਿਆਂ ਤੋਂ ਇਲਾਵਾ ਜੱਟੂਵਾਲ ਦੇ ਸ਼ਿਵ ਮੰਦਿਰ ਨੰੂ ਨਿਸ਼ਾਨਾ ਬਣਾ ਕੇ 60 ਤੋਂ 70 ਹਜ਼ਾਰ ਰੁਪਏ ਚੋਰੀ ਕਰ ਲਏ ਹਨ | ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦੀ ਸੂਚਨਾ ਪੁਰਾਣਾ ਸ਼ਾਲਾ ਪੁਲਿਸ ਨੰੂ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਸੀ.ਸੀ.ਟੀ.ਵੀ ਕੈਮਰਿਆਂ ਨੰੂ ਖੰਘਾਲਿਆ ਜਾ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਮੰਦਿਰਾਂ ਵਿਚ ਨਿੱਤ ਚੋਰੀ ਦੀਆਂ ਵਾਰਦਾਤਾਂ ਨੰੂ ਰੋਕਣ ਲਈ ਰਾਤ ਸਮੇਂ ਪੁਲਿਸ ਦੀ ਨਫ਼ਰੀ ਵਧਾਈ ਜਾਵੇ |