ਗੁਰਦਾਸਪੁਰ, 27 ਮਈ (ਅਸ਼ੋਕ ਸ਼ਰਮਾ)-ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਕਈ ਕੱਚੇ ਰਸਤੇ ਅੱਜ ਤੱਕ ਵੀ ਪੱਕੇ ਨਹੀਂ ਹੋ ਸਕੇ | ਜਿਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੁੰਦੀ ਹੈ | ਇਸ ਸਬੰਧੀ ਪ੍ਰਧਾਨ ਅਮਰੀਕ ਸਿੰਘ, ਜਸਵਿੰਦਰ ਸਿੰਘ ਲਾਡੀ, ਹਰਦੀਪ ਸਿੰਘ ਮਠਾਰੂ ਸਾਬਕਾ ਸਰਪੰਚ ਤੋਂ ਇਲਾਵਾ ਹੋਰ ਕਿਸਾਨਾਂ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਪੁਲ ਤੋਂ ਗਾਜੀਕੋਟ ਪੁਲ ਤੱਕ ਜਾਣ ਵਾਲੀ ਕੱਚਾ ਰਸਤਾ ਅੱਜ ਤੱਕ ਵੀ ਪੱਕਾ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਆਗੂ ਕਹਿੰਦੇ ਰਹੇ ਹਨ ਕਿ ਕੱਚੇ ਰਸਤੇ ਨੰੂ ਪੱਕਾ ਕਰਨ ਲਈ ਸਬੰਧਿਤ ਵਿਭਾਗ ਨੰੂ ਮਨਜ਼ੂਰੀ ਲਈ ਭੇਜਿਆ ਹੈ ਤੇ ਜਲਦ ਮਨਜ਼ੂਰੀ ਮਿਲਣ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇੱਥੋਂ ਤੱਕ ਕਿ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਪਿਛਲੇ 8-9 ਮਹੀਨੇ ਪਹਿਲਾਂ ਇਸ ਕੱਚੇ ਰਸਤੇ ਨੰੂ ਪੱਕਾ ਕਰਨ ਲਈ ਭਰੋਸਾ ਦਿੱਤਾ ਸੀ | ਪਰ ਅਜੇ ਤੱਕ ਇਸ ਨੰੂ ਅਮਲੀ ਰੂਪ ਨਹੀਂ ਦਿੱਤਾ ਗਿਆ | ਜਦੋਂ ਕਿ ਇਸ ਤੋਂ ਪਹਿਲਾਂ ਹਲਕਾ ਵਿਧਾਇਕਾ ਨੇ ਵੀ ਰਸਤੇ ਨੰੂ ਪੱਕਾ ਕਰਨ ਦਾ ਐਲਾਨ ਕੀਤਾ ਸੀ | ਉਨ੍ਹਾਂ ਕਿਹਾ ਕਿ ਡੇਢ ਕਿੱਲੋਮੀਟਰ ਸੜਕ ਕੰਢੇ ਸੈਂਕੜੇ ਏਕੜ ਜ਼ਮੀਨ ਲੱਗਦੀ ਹੈ ਤੇ ਮੌਸਮ ਖ਼ਰਾਬ ਹੋਣ 'ਤੇ ਕਿਸਾਨਾਂ ਨੰੂ ਆਪਣੀਆਂ ਫ਼ਸਲਾਂ ਨੰੂ ਲਿਜਾਉਣ ਲਈ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਕੱਚੇ ਰਸਤੇ 'ਚ ਪਿੰਡ ਚੰਦਰਭਾਨ, ਗਾਜੀਕੋਟ, ਨਵਾਂ ਪਿੰਡ ਬਹਾਦਰ ਅਤੇ ਨੌਸ਼ਹਿਰਾ ਦੇ ਕਿਸਾਨਾਂ ਦੀ ਜ਼ਮੀਨ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਇਸ ਕੱਚੇ ਰਸਤੇ ਨੰੂ ਪੱਕਾ ਕਰਨ ਲਈ ਸਬੰਧਿਤ ਵਿਭਾਗ ਨੰੂ ਹੁਕਮ ਜਾਰੀ ਕੀਤੇ ਜਾਣ, ਜਿਸ ਨਾਲ ਕਿਸਾਨਾਂ ਨੰੂ ਲਾਭ ਹੋ ਸਕੇ |